
ਪੈਨਸ਼ਨਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਉਦੇਸ਼ ਨਾਲ ਸਥਾਪਿਤ ਕੀਤੀ ਗਈ ਇਹ ਹੈਲਪਲਾਈਨ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਨਤਕ ਸੇਵਾਵਾਂ ਨੂੰ ਆਨਲਾਈਨ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਦੇ ਸੰਕਲਪ ਨੂੰ ਅੱਗੇ ਵਧਾਉਂਦਿਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੇ ਆਪਣੇ ਪੈਨਸ਼ਨਰਾਂ ਲਈ ਸਮਰਪਿਤ “ਪੈਨਸ਼ਨ ਹੈਲਪਲਾਈਨ” ਦੀ ਸ਼ੁਰੂਆਤ ਕੀਤੀ ਹੈ।
helpline
ਆਪਣੇ ਪੈਨਸ਼ਨਰਾਂ ਦੇ ਪੈਨਸ਼ਨ ਕੇਸਾਂ ਨੂੰ ਸਮਾਂਬੱਧ ਢੰਗ ਨਾਲ ਅੰਤਿਮ ਰੂਪ ਦੇਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਉਦੇਸ਼ ਨਾਲ ਸਥਾਪਿਤ ਕੀਤੀ ਗਈ ਇਹ ਹੈਲਪਲਾਈਨ, ਪੀ.ਐਸ.ਪੀ.ਸੀ.ਐਲ. ਪੈਨਸ਼ਨਰਾਂ ਨੂੰ ਖੇਤਰੀ ਦਫ਼ਤਰਾਂ ਵੱਲੋਂ ਡਿਪਟੀ ਸੀ.ਈ.ਓ. ਪੈਨਸ਼ਨ ਅਤੇ ਫ਼ੰਡ ਦਫ਼ਤਰ ਨੂੰ ਭੇਜੇ ਗਏ ਉਨ੍ਹਾਂ ਦੇ ਪੈਨਸ਼ਨ ਕੇਸਾਂ ਦੀ ਸਥਿਤੀ ਬਾਰੇ ਆਸਾਨੀ ਨਾਲ ਜਾਣਕਾਰੀ ਲੈਣ ਲਈ ਟੈਲੀਫ਼ੋਨ ਸੇਵਾਵਾਂ ਪ੍ਰਦਾਨ ਕਰੇਗੀ।
PSPCL
ਹੁਣ ਸੇਵਾਮੁਕਤ ਕਰਮਚਾਰੀ/ਮ੍ਰਿਤਕ ਦੇ ਵਾਰਸ ਆਪਣੇ ਪੈਨਸ਼ਨ ਕੇਸਾਂ ਦੀ ਸਥਿਤੀ ਸਬੰਧੀ ਕਿਸੇ ਵੀ ਜਾਣਕਾਰੀ ਲਈ ਹੈਲਪਲਾਈਨ ਮੋਬਾਈਲ ਨੰਬਰ 9646115517 'ਤੇ ਕਾਲ/ਵੱਟਸਐਪ/ਐਸ.ਐਮ.ਐਸ. ਇੱਕ ਨਿਰਧਾਰਤ ਫ਼ਾਰਮੈਟ, ਜੋ ਪੀ.ਐਸ.ਪੀ.ਸੀ.ਐਲ. ਦੀ ਵੈੱਬਸਾਈਟ 'ਤੇ ਉਪਲਬਧ ਹੈ, ਜ਼ਰੀਏ ਕਰ ਸਕਦੇ ਹਨ। ਇਸ ਸੇਵਾ ਦਾ ਲਾਭ ਕੰਮਕਾਜੀ ਦਿਨਾਂ ਦੌਰਾਨ ਸਵੇਰੇ 9:00 ਤੋਂ ਸ਼ਾਮ 5:00 ਵਜੇ ਤੱਕ ਲਿਆ ਜਾ ਸਕੇਗਾ। ਹੈਲਪਲਾਈਨ ਅਧਿਕਾਰੀ ਸਬੰਧਤ ਸੇਵਾਮੁਕਤ ਕਰਮਚਾਰੀ/ਮ੍ਰਿਤਕ ਦੇ ਵਾਰਸ ਨੂੰ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਏਗਾ।
Harbhajan Singh ETO
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਦੇ ਪੈਨਸ਼ਨਰ ਇਸ ਨੰਬਰ 'ਤੇ ਸੰਪਰਕ ਕਰਕੇ ਤਿੰਨ ਤੋਂ ਚਾਰ ਕੰਮਕਾਜੀ ਦਿਨਾਂ ਦੇ ਅੰਦਰ-ਅੰਦਰ ਆਪਣੇ ਸਵਾਲਾਂ ਦੇ ਹੱਲ/ਜਵਾਬ ਪ੍ਰਾਪਤ ਕਰ ਸਕਦੇ ਹਨ। ਹਾਲਾਂਕਿ ਜੇ ਸੇਵਾਮੁਕਤ ਕਰਮਚਾਰੀ/ਮ੍ਰਿਤਕ ਦੇ ਵਾਰਸ ਪੀ.ਐਸ.ਪੀ.ਸੀ.ਐਲ. ਦੇ ਮੁੱਖ ਦਫ਼ਤਰ ਜਾਂ ਪਟਿਆਲਾ ਵਿਖੇ ਸਬੰਧਤ ਪੈਨਸ਼ਨ ਸੈਕਸ਼ਨ ਵਿੱਚ ਪਹੁੰਚ ਕਰਨਾ ਚਾਹੁੰਦੇ ਹਨ ਤਾਂ ਉਹ ਦੁਪਹਿਰ 12:00 ਤੋਂ 1:15 ਵਜੇ ਤੱਕ ਦੇ ਨਿਰਧਾਰਤ ਸਮੇਂ ਆ ਸਕਦੇ ਹਨ।