
ਉਤਰੀ ਰਾਜਾਂ ਦੀ ਜ਼ੋਨਲ ਕੌਂਸਲ ਮੀਟਿੰਗ 'ਚ ਅੱਜ ਅੰਤਰ ਰਾਜੀ ਮੁੱਦਿਆਂ 'ਤੇ ਪੰਜਾਬ ਅਤੇ ਹਰਿਆਣਾ ਹੋਣਗੇ ਆਹਮੋ-ਸਾਹਮਣੇ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ 'ਚ ਜੈਪੁਰ ਵਿਚ ਹੋਣੀ ਹੈ ਮੀਟਿੰਗ
ਚੰਡੀਗਡ੍ਹ, 8 ਜੁਲਾਈ (ਗੁਰਉਪਦੇਸ਼ ਭੁੱਲਰ) : ਉਤਰੀ ਰਾਜਾਂ ਦੀ 9 ਜੁਲਾਈ ਨੂੰ ਜੈਪੁਰ 'ਚ ਹੋਣ ਵਾਲੀ ਇੰਟਰ ਸਟੇਟ ਜ਼ੋਨਲ ਮੀਟਿੰਗ 'ਚ ਪੰਜਾਬ ਤੇ ਹਰਿਆਣਾ ਦੇ ਅੰਤਰਰਾਜੀ ਮੁੱਦਿਆਂ ਨੂੰ ਲੈ ਕੇ ਦੋਵੇਂ ਰਾਜ ਆਹਮੋ ਸਾਹਮਣੇ ਹੋ ਸਕਦੇ ਹਨ | ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਇਸ ਮੀਟਿੰਗ 'ਚ ਐਸ.ਵਾਈ.ਐਲ ਨਹਿਰ ਦੇ ਨਿਰਮਾਣ, ਵਖਰੀ ਹਾਈ ਕੋਰਟ ਦੇ ਮੁੱਦੇ ਹਰਿਆਣਾ ਵਲੋਂ ਪ੍ਰਮੁੱਖਤਾ ਨਾਲ ਉਠਾਏ ਜਾਣ ਦੀ ਤਿਆਰੀ ਹੈ | ਇਸੇ ਤਰ੍ਹਾਂ ਪੰਜਾਬ ਵਲੋਂ ਵੀ ਚੰਡੀਗੜ੍ਹ 'ਚ 60:40 ਦੇ ਅਨੁਪਾਤ 'ਚ ਛੇੜਛਾੜ, ਭਾਖੜਾ ਬੋਰਡ 'ਚ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨ ਦੇ ਮੁੱਦੇ ਚੁੱਕੇ ਜਾਣਗੇ |
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਖ਼ੁਦ ਅਪਣੇ ਰਾਜ ਦੀ ਨੁਮਾਇੰਦਗੀ ਮੀਟਿੰਗ 'ਚ ਕਰਨਗੇ | ਪਰ ਪੰਜਾਬ ਦੇ ਮੁੱਖ ਮੰਤਰੀ ਵਿਆਹ ਦੀ ਰੁਝੇਵਿਆਂ ਕਾਰਨ ਇਯ ਮੀਟਿੰਗ 'ਚ ਖ਼ੁਦ ਨਹੀਂ ਜਾ ਸਕਣਗੇ | ਪਤਾ ਲੱਗਾ ਹੈ ਕਿ ਉਹ ਅਪਣੀ ਥਾਂ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਭੇਜ ਰਹੇ ਹਨ ਅਤੇ ਉਨ੍ਹਾਂ ਨਾਲ ਕੈਬਨਿਟ ਮੰਤਰੀ ਹਰਜੋਤ ਬੈਂਸ ਵੀ ਜਾਣਗੇ |
ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਇਸ ਵਾਰ ਮੀਟਿੰਗ 'ਚ ਪੂਰੀ ਤਿਆਰੀ ਨਾਲ ਆ ਰਿਹਾ ਹੈ | ਉਸ ਵਲੋਂ ਲਗਭਗ ਅੱਧੀ ਦਰਜ਼ਨ ਮੁੱਦੇ ਚੁੱਕੇ ਜਾਣਗੇ | ਪੰਜਾਬ ਦੇ ਰਾਜਪਾਲ ਦੇ ਨਾਲ ਹਰਿਆਣਾ ਦੇ ਰਾਜਪਾਲ ਨੂੰ ਵੀ ਚੰਡੀਗੜ੍ਹ ਦੇ ਪ੍ਰਸ਼ਾਸਨ ਵੱਜੋਂ ਵਾਰੀ ਸਿਰ ਮੌਕਾ ਦੇਣ ਅਤੇ ਹਰਿਆਣਾ ਲਈ ਵੱਖਰੀ ਵਿਧਾਨ ਸਭਾ ਬਣਾਵੇ ਜਾਣ ਦੀ ਮੰਗ ਵੀ ਰੱਖੀ ਜਾਵੇਗੀ | ਮੁੱਖ ਤੌਰ 'ਤੇ ਹਰਿਆਣਾ ਵਲੋਂ ਐਸ.ਵਾਈ.ਐਲ. ਨਹਿਰ ਦਾ ਮੁੱਦਾ ਪ੍ਰਮੁੱਖਤਾ ਨਾਲ ਚੁਕਿਆ ਜਾਵੇਗਾ | ਇਸ ਮੁੱਦੇ 'ਤੇ ਪੰਜਾਬ ਹਰਿਆਣਾ ਵਿਚਕਾਰ ਲਗਾਤਾਰ ਟਕਰਾਅ ਰਿਹਾ ਹੈ | ਪਿਛਲੀ ਸਰਕਾਰ ਸਮੇਂ ਹੋਈ ਉਤਰੀ ਰਾਜਾਂ ਦੀ ਮੀਟਿੰਗ 'ਚ ਵੀ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਅਤੇ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਕਾਫ਼ੀ ਤਿੱਖੀ ਬਹਿਸਾਬਾਜ਼ੀ ਹੋਈ ਸੀ | ਹਰਿਆਣਾ ਮੀਟਿੰਗ 'ਚ ਤਰਕ ਰੱਖੇਗੀ ਕਿ ਸੁਪਰੀਮ ਕੋਰਟ ਦਾ ਫ਼ੈਸਲਾ ਹਰਿਆਣਾ ਦੇ ਹੱਕ 'ਚ ਹੋਣ ਦੇ ਬਾਵਜੂਦ ਪੰਜਾਬ ਤੇ ਦਿੱਲੀ ਦੋਵਾਂ ਸੂਬਿਆਂ 'ਚ ਆਪ ਦੀ ਸਰਕਾਰ ਹੈ ਅਤੇ ਉਸ ਨੂੰ ਚਾਹੀਦਾ ਹੈ ਕਿ ਪੰਜਾਬ 'ਚ ਐਸਵਾਈਐਲ ਨਹਿਰ ਦਾ ਨਿਰਮਾਣ ਕਰਵਾ ਕੇ ਪੰਜਾਬ ਤੋਂ ਹਰਿਆਣਾ ਨੂੰ ਪਾਣੀ ਦੇਵੇ | ਇਸ ਪਾਣੀ 'ਚੋਂ ਕੁੱਝ ਪਾਣੀ ਹਰਿਆਣਾ ਦਿੱਲੀ ਨੂੰ ਦੇਵੇਗਾ |
ਉਤਰੀ ਰਾਜਾਂ ਦੀ ਜ਼ੋਨਲ ਕੌਂਸਲ ਦੀ ਮੀਟਿੰਗ 'ਚ ਹੋਰ ਅੰਤਰ ਰਾਜੀ ਮੁੱਦਿਆਂ ਤੋਂ ਇਲਾਵਾ ਨਸ਼ਿਆਂ ਦੀ ਰੋਕਥਾਮ ਬਾਰੇ ਵੀ ਪੰਜਾਬ, ਹਰਿਆਣਾ ਅਤੇ ਹੋਰ ਗੁਆਂਢੀ ਰਾਜਾਂ ਦੀ ਸਾਂਝੀ ਰਣਨੀਤੀ ਬਾਰੇ ਕੋਈ ਫ਼ੈਸਲਾ ਲਿਆ ਜਾ ਸਕਦਾ ਹੈ |