
Punjab News ; ਮੱਛੀ ਪਾਲਣ ਮੰਤਰੀ ਵੱਲੋਂ ਕੌਮੀ ਮੱਛੀ ਪਾਲਕ ਦਿਵਸ ਮੌਕੇ ਮੱਛੀ/ਝੀਂਗਾ ਪਾਲਕ ਕਿਸਾਨਾਂ ਨੂੰ ਸ਼ੁਭਕਾਮਨਾਵਾਂ
Punjab News ; ਸੂਬੇ ਵਿਚ ਨੀਲੀ ਕ੍ਰਾਂਤੀ ਵੱਲ ਅਹਿਮ ਕਦਮ ਚੁੱਕਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵਿੱਤੀ ਵਰ੍ਹੇ 2023-24 ਦੌਰਾਨ ਮੱਛੀ ਪਾਲਣ ਅਧੀਨ 1942 ਏਕੜ ਰਕਬਾ ਵਧਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇੱਕ ਸਾਲ ਵਿੱਚ ਇਹ ਰਕਬਾ 42,031 ਏਕੜ ਤੋਂ ਵੱਧ ਕੇ 43,973 ਏਕੜ ਹੋ ਗਿਆ ਹੈ।
ਗੁਰਮੀਤ ਸਿੰਘ ਖੁੱਡੀਆਂ ਨੇ ਕੌਮੀ ਮੱਛੀ ਪਾਲਕ ਦਿਵਸ ਮੌਕੇ ਸੂਬੇ ਦੇ ਸਾਰੇ ਮੱਛੀ ਅਤੇ ਝੀਂਗਾ ਪਾਲਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਵੀ ਮੱਛੀ ਪਾਲਣ ਦਾ ਧੰਦਾ ਅਪਣਾਉਣ ਲਈ ਪ੍ਰੇਰਿਤ ਕੀਤਾ ਕਿਉਂਕਿ ਪੰਜਾਬ ਸਰਕਾਰ ਮੱਛੀ ਪਾਲਣ ਨੂੰ ਖੇਤੀ ਦੇ ਸਹਾਇਕ ਕਿੱਤੇ ਵਜੋਂ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ ਤਾਂ ਜੋ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ 16 ਸਰਕਾਰੀ ਮੱਛੀ ਪੂੰਗ ਫਾਰਮਾਂ ਤੋਂ ਮੱਛੀ ਪਾਲਕਾਂ ਨੂੰ ਕਿਫ਼ਾਇਤੀ ਦਰਾਂ 'ਤੇ ਮਿਆਰੀ ਮੱਛੀ ਪੂੰਗ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਝੀਂਗਾ ਪਾਲਕਾਂ ਦੀ ਸਹੂਲਤ ਲਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਈਨਾ ਖੇੜਾ ਵਿਖੇ ਸਥਿਤ ਡੈਮੋਨਸਟ੍ਰੇਸ਼ਨ ਫਾਰਮ-ਕਮ-ਟਰੇਨਿੰਗ ਸੈਂਟਰ ਵਿਖੇ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਖਾਰੇ ਪਾਣੀ ਨਾਲ ਪ੍ਰਭਾਵਿਤ ਦੱਖਣ-ਪੱਛਮੀ ਜ਼ਿਲ੍ਹਿਆਂ ਵਿੱਚ ਝੀਂਗਾ ਦੀ ਖੇਤੀ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ 1315 ਏਕੜ ਤੋਂ ਵੱਧ ਰਕਬੇ ਵਿੱਚ ਕਿਸਾਨ ਝੀਂਗਾ ਦੀ ਖੇਤੀ ਕਰ ਰਹੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਮੱਛੀ ਅਤੇ ਝੀਂਗਾ ਦੇ ਤਾਲਾਬਾਂ, ਮੱਛੀ ਟਰਾਂਸਪੋਰਟ ਵਾਹਨਾਂ ਦੀ ਖਰੀਦ, ਮੱਛੀ ਕਿਓਸਕ/ਦੁਕਾਨਾਂ, ਕੋਲਡ ਸਟੋਰੇਜ ਪਲਾਂਟ, ਮੱਛੀ ਫੀਡ ਮਿੱਲਾਂ ਅਤੇ ਸਜਾਵਟੀ ਮੱਛੀ ਸਬੰਧੀ ਯੂਨਿਟਾਂ ਵਰਗੇ ਵੱਖ-ਵੱਖ ਪ੍ਰਾਜੈਕਟਾਂ ਨੂੰ ਅਪਣਾਉਣ ਲਈ 40 ਫ਼ੀਸਦੀ ਤੋਂ 60 ਫ਼ੀਸਦੀ ਤੱਕ ਸਬਸਿਡੀ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਨੇ ਲਗਭਗ 25 ਕਰੋੜ ਰੁਪਏ ਦੀ ਸਬਸਿਡੀ ਦੇ ਕੇ 450 ਲਾਭਪਾਤਰੀਆਂ ਨੂੰ ਸਵੈ-ਰੁਜ਼ਗਾਰ ਮੁਹੱਈਆ ਕਰਵਾਇਆ ਹੈ।
ਜ਼ਿਕਰਯੋਗ ਹੈ ਕਿ ਕੌਮੀ ਮੱਛੀ ਪਾਲਕ ਦਿਵਸ ਪ੍ਰਸਿੱਧ ਵਿਗਿਆਨੀ ਪ੍ਰੋ. ਡਾ. ਹੀਰਾਲਾਲ ਚੌਧਰੀ ਅਤੇ ਡਾ. ਕੇ.ਐਚ. ਅਲੀਕੁਨਹੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ ਨੇ 10 ਜੁਲਾਈ, 1957 ਨੂੰ ਭਾਰਤ ਵਿੱਚ ਪਹਿਲੀ ਵਾਰ ਕਾਰਪ ਮੱਛੀਆਂ ਦੇ ਪ੍ਰਜਨਨ ਰਾਹੀਂ ਭਾਰਤੀ ਮੱਛੀ ਪਾਲਣ ਦੇ ਖੇਤਰ ਵਿੱਚ ਕ੍ਰਾਂਤੀ ਲਿਆਂਦੀ ਸੀ।
(For more news apart from 1942 acres increase in area under fisheries in Punjab : Gurmeet Singh Khudian News in Punjabi, stay tuned to Rozana Spokesman)