
ਕੁੱਝ ਸਾਲ ਪਹਿਲਾਂ ਵੀ ਇਸੇ ਫ਼ੈਕਟਰੀ 'ਚ ਹੋਏ ਧਮਾਕੇ ਨੇ ਲਈ ਸੀ ਮਜ਼ਦੂਰਾਂ ਦੀ ਜਾਨ
ਅੰਮ੍ਰਿਤਸਰ, 8 ਅਗੱਸਤ (ਪਪ) : ਅੰਮ੍ਰਿਤਸਰ ਇੱਬਣ ਵਿਖੇ ਪਟਾਕਿਆਂ ਦੀ ਫ਼ੈਕਟਰੀ 'ਚ ਧਮਾਕਾ ਹੋਣ ਨਾਲ ਇਲਾਕੇ 'ਚ ਸਹਿਮ ਦਾ ਮਾਹੌਲ ਹੈ। ਇੱਬਣ ਵਿਖੇ ਚੱਲ ਰਹੀ ਦੇਸੀ ਪਟਾਕਿਆਂ ਦੀ ਫ਼ੈਕਟਰੀ 'ਚ ਹਵਾਈਆਂ ਤਿਆਰ ਹੁੰਦੀਆਂ ਹਨ। ਅੱਜ ਸਵੇਰੇ ਉਥੇ ਧਮਾਕਾ ਹੋਣ ਨਾਲ ਛੱਤ ਨੂੰ ਨੁਕਸਾਨ ਪਹੁੰਚਿਆ। ਨਾਜਾਇਜ਼ ਤੌਰ 'ਤੇ ਪਟਾਕਿਆਂ ਦੀਆਂ ਫ਼ੈਕਟਰੀਆਂ ਚਲਾਉਣ ਵਾਲਿਆਂ 'ਤੇ ਲਾਪਰਵਾਹੀ ਕਾਰਨ ਆਏ ਦਿਨ ਧਮਾਕੇ ਹੁੰਦੇ ਰਹਿੰਦੇ ਹਨ, ਜੋ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਅਜਿਹੇ ਧਮਾਕੇ ਦੇਸੀ ਪਟਾਕੇ ਬਣਾਉਣ ਵਾਲੀਆਂ ਫ਼ੈਕਟਰੀਆਂ 'ਚ ਆਮ ਹੁੰਦੇ ਰਹਿੰਦੇ ਹਨ।
ਇਹ ਚੱਲ ਰਹੀ ਫ਼ੈਕਟਰੀ 'ਚ ਬਿਜਲੀ ਦੀਆਂ ਤਾਰਾਂ ਸ਼ਾਰਟ ਹੋਣ ਕਾਰਨ ਧਮਾਕਾ ਹੋਇਆ। ਫ਼ੈਕਟਰੀ 'ਚ ਕੋਈ ਵੀ ਲੇਬਰ ਮੌਜੂਦ ਨਹੀਂ ਸੀ ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਜ਼ਖ਼ਮੀ ਹੋਏ ਤਿੰਨ ਵਿਅਕਤੀ ਨੇੜੇ-ਤੇੜੇ ਦੇ ਰਹਿਣ ਵਾਲੇ ਸਨ। ਪੁਲਿਸ ਤੇ ਫ਼ਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ 'ਤੇ ਪਹੁੰਚ ਅਪਣਾ ਕਾਰਜ ਸ਼ੁਰੂ ਕਰ ਦਿਤਾ। ਘਟਨਾ ਦਾ ਪਤਾ ਲਗਦਿਆਂ ਹੀ ਐਸ.ਡੀ.ਐਮ ਸ਼ਿਵਰਾਜ ਸਿੰਘ ਬੱਲ, ਨਾਇਬ ਤਹਿਸੀਲਦਾਰ ਰਤਨਜੀਤ ਸਿੰਘ ਮੌਕੇ 'ਤੇ ਪੁੱਜੇ ਅਤੇ ਹਲਾਤਾਂ ਦਾ ਜਾਇਜ਼ਾ ਲਿਆ।
Photo
ਇਸ ਸਬੰਧੀ ਗੱਲ ਕਰਦਿਆਂ ਇੰਸਪੈਕਟਰ ਕਸ਼ਮੀਰ ਸਿੰਘ ਮੁਖੀ ਥਾਣਾ ਚਾਟੀਵਿੰਡ ਨੇ ਦਸਿਆ ਕਿ ਇਸ ਫ਼ੈਕਟਰੀ ਦਾ ਮਾਲਕ ਕੁਲਵਿੰਦਰ ਸਿੰਘ ਜੌਲੀ ਨਾਂਅ ਦਾ ਸ਼ਖ਼ਸ ਹੈ, ਜਿਸਨੂੰ ਬੁਲਾ ਕੇ ਇਸ ਸਬੰਧੀ ਪੁਛਗਿਛ ਕੀਤੀ ਜਾਏਗੀ। ਉਨ੍ਹਾਂ ਦਸਿਆ ਕਿ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਫ਼ੈਕਟਰੀ 'ਚ ਪੁੱਜੇ ਇਕ ਮਜ਼ਦੂਰ ਨੇ ਸਬਮਰਸੀਬਲ ਮੋਟਰ ਚਲਾਉਣ ਲਈ ਸਵਿੱਚ ਆਨ ਕੀਤਾ ਤਾਂ ਬਿਜਲੀ ਦੇ ਸ਼ਾਟ ਸਰਕਟ ਨਾਲ ਇਹ ਧਮਾਕਾ ਹੋ ਗਿਆ।
ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਵੀ ਇਸ ਫ਼ੈਕਟਰੀ 'ਚ ਧਮਾਕਾ ਹੋਇਆ ਸੀ ਤੇ ਜਿਸ ਨਾਲ ਕਈ ਮਜ਼ਦੂਰਾਂ ਦੀ ਮੌਤ ਵੀ ਹੋ ਗਈ ਸੀ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਹੋ ਜਿਹੀਆਂ ਫ਼ੈਕਟਰੀਆਂ ਵਸੋਂ ਵਾਲੀ ਜਗ੍ਹਾ 'ਤੇ ਨਹੀਂ ਹੋਣੀਆਂ ਚਾਹੀਦੀਆਂ।