
ਪੰਜਾਬ ਦੇ ਮਾਝਾ ਖੇਤਰ ਅੰਦਰ ਪੈਂਦੇ ਖਿੱਤੇ ਅੰਦਰ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਦੀ ਗਿਣਤੀ 125 ਤੋਂ ਵੀ ਪਾਰ ਹੁੰਦੀ ਜਾ ਰਹੀ ਹੈ।
ਗੁਰਦਾਸਪੁਰ, 8 ਅਗੱਸਤ (ਹਰਜੀਤ ਸਿੰਘ ਆਲਮ) : ਪੰਜਾਬ ਦੇ ਮਾਝਾ ਖੇਤਰ ਅੰਦਰ ਪੈਂਦੇ ਖਿੱਤੇ ਅੰਦਰ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਦੀ ਗਿਣਤੀ 125 ਤੋਂ ਵੀ ਪਾਰ ਹੁੰਦੀ ਜਾ ਰਹੀ ਹੈ। ਦੂਸਰੇ ਪਾਸੇ ਇਨ੍ਹਾਂ ਮੌਤਾਂ ਦੇ ਬਟਾਲਾ ਦੇ ਮੁੱਖ ਦੋਸ਼ੀ ਤ੍ਰਰਿਵੈਣੀ ਚੌਹਾਨ ਨਾਲ ਜਿਥੇ ਅਕਾਲੀ ਦਲ ਅਤੇ ਕਾਂਗਰਸ ਦੇ ਸੀਨੀਅਰ ਆਗੂਆਂ ਦੀਆਂ ਤਸਵੀਰਾਂ ਜਨਤਕ ਹੋ ਚੁੱਕੀਆਂ ਹਨ ਉਸ ਦੇ ਨਾਲ ਹੀ ਬਟਾਲਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਾਲ ਵੀ ਉਕਤ ਕਥਿਤ ਦੋਸ਼ੀ ਦੀ ਤਸਵੀਰ ਵਾਇਰਲ ਹੋਣ ਨਾਲ ਭਾਜਪਾ ਦੀ ਵੀ ਕਿਰਕਰੀ ਹੋ ਰਹੀ ਹੈ।
ਇਥੇ ਜ਼ਿਕਰਯੋਗ ਹੈ ਕਿ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਇਸ ਵੱਡੇ ਤਾਂਡਵ ਕਾਰਨ ਲੋਕ ਪਹਿਲਾਂ ਹੀ ਕਾਂਗਰਸ ਅਤੇ ਅਕਾਲੀ ਦਲ ਦੇ ਆਗੂਆਂ ਨੂੰ ਲੋਕ ਕਚਹਿਰੀ ਵਿਚ ਖੜ੍ਹਾ ਕਰ ਰਹੇ ਸਨ ਪਰ ਅੱਜ ਪੂਰੇ ਇਲਾਕੇ ਅੰਦਰ ਬਟਾਲੇ ਦੇ ਉਕਤ ਕਥਿਤ ਦੋਸ਼ੀ ਦੀਆਂ ਤਸਵੀਰਾਂ ਬਟਾਲਾ ਭਾਜਪਾ ਦੇ ਪ੍ਰਧਾਨ ਨਾਲ ਵਾਇਰਲ ਹੋਣ ਕਾਰਨ ਲੋਕ ਭਾਜਪਾ ਨੂੰ ਵੀ ਇਸ ਸ਼ਰਾਬ ਕਾਂਡ ਲਈ ਦੋਸ਼ੀ ਦੱਸ ਰਹੇ ਹਨ।
ਬੇਪਰਦ ਹੋਏ ਇਸ ਮਾਮਲੇ ਨੂੰ ਲੈ ਕੇ ਕਈ ਭਾਜਪਾ ਆਗੂ ਕਾਫ਼ੀ ਪ੍ਰੇਸ਼ਾਨ ਦਸੇ ਜਾ ਰਹੇ ਹਨ। ਅਜਿਹੀ ਸਥਿਤੀ ਦੇ ਚਲਦਿਆਂ ਲੋਕਾਂ ਦੀਆਂ ਨਜ਼ਰਾਂ ਭਾਜਪਾ ਦੀ ਹਾਈ ਕਮਾਂਡ 'ਤੇ ਟਿੱਕੀਆਂ ਹੋਈਆਂ ਹਨ। ਕਈ ਭਾਜਪਾ ਆਗੂਆਂ ਨੇ ਅਪਣੇ ਨਾਮ ਗੁਪਤ ਰਖੇ ਜਾਣ ਦੀ ਸ਼ਰਤ 'ਤੇ ਦਸਿਆ ਕਿ ਭਾਜਪਾ ਹਾਈ ਕਮਾਂਡ ਨੂੰ ਇਸ ਮਾਮਲੇ ਨੂੰ ਲੈ ਕੇ ਬਿਨਾਂ ਦੇਰੀ ਦੇ ਅਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।