
ਭਾਰਤ ਸੱਤ ਤਮਿਗ਼ਆਂ ਨਾਲ 48ਵੇਂ ਸਥਾਨ 'ਤੇ ਰਿਹਾ
ਸਮਾਪਤੀ ਸਮਾਰੋਹ ਵਿਚ ਬਜਰੰਗ ਨੇ ਫੜਿਆ ਤਿਰੰਗਾ
ਟੋਕੀਉ, 8 ਅਗੱਸਤ : ਕੋਰੋਨਾ ਮਹਾਂਮਾਰੀ ਦੀਆਂ ਚੁਣੌਤੀਆਂ ਦੇ ਬਾਵਜੂਦ ਟੋਕੀਉ ਉਲੰਪਿਕ ਸਫ਼ਲ ਰਿਹਾ | 23 ਜੁਲਾਈ ਨੂੰ ਸ਼ੁਰੂ ਹੋਇਆ ਇਹ ਸਮਾਗਮ ਸਮਾਪਤ ਹੋ ਗਿਆ ਹੈ | ਅੰਤਰਰਾਸ਼ਟਰੀ ਉਲੰਪਿਕ ਕਮੇਟੀ (ਆਈਓਸੀ) ਦੇ ਪ੍ਰਧਾਨ ਥੌਮਸ ਬਾਕ ਨੇ 2020 ਟੋਕੀਉ ਉਲੰਪਿਕਸ ਦੀ ਸਮਾਪਤੀ ਦੀ ਰਸਮੀ ਘੋਸਣਾ ਕੀਤੀ | ਹੁਣ ਅਗਲੀਆਂ ਉਲੰਪਿਕ ਖੇਡਾਂ 2024 ਵਿਚ ਪੈਰਿਸ ਵਿਚ ਹੋਣਗੀਆਂ |
ਟੋਕੀਉ ਵਿਚ ਤਕਰੀਬਨ 11,000 ਅਥਲੀਟਾਂ ਨੇ 339 ਮੁਕਾਬਲਿਆਂ ਵਿਚ ਹਿੱਸਾ ਲਿਆ | ਟੋਕੀਉ ਵਿਚ 17 ਦਿਨਾਂ ਤਕ ਚੱਲਣ ਵਾਲਾ 'ਖੇਡਾਂ ਦਾ ਮਹਾਂਕੁੰਭ' ਐਤਵਾਰ, 8 ਅਗੱਸਤ ਨੂੰ ਸਮਾਪਤ ਹੋ ਗਿਆ | ਭਾਰਤ ਇਕ ਸੋਨੇ, ਦੋ ਚਾਂਦੀ ਅਤੇ ਚਾਰ ਕਾਂਸੀ ਦੇ ਤਮਗ਼ੇ ਨਾਲ ਮੈਡਲ ਸੂਚੀ ਵਿਚ 48 ਵੇਂ ਸਥਾਨ 'ਤੇ ਰਿਹਾ | ਟੋਕੀਉ ਉਲੰਪਿਕ ਵਿਚ ਭਾਰਤ ਨੇ 7 ਤਮਗ਼ੇ ਜਿੱਤ ਕੇ ਇਤਿਹਾਸ ਰਚ ਦਿਤਾ ਹੈ | ਨੀਰਜ ਚੋਪੜਾ ਨੇ ਭਾਰਤ ਲਈ ਜੈਵਲਿਨ ਥ੍ਰੋਅ ਵਿਚ ਸੋਨ ਤਮਗ਼ਾ, ਵੇਟਲਿਫਟਰ ਮੀਰਾਬਾਈ ਚਾਨੂ ਅਤੇ ਪਹਿਲਵਾਨ ਰਵੀ ਕੁਮਾਰ ਦਾਹੀਆ ਨੇ ਚਾਂਦੀ ਦਾ ਤਮਗ਼ਾ ਜਿੱਤਿਆ | ਜਦਕਿ ਸ਼ਟਲਰ ਪੀਵੀ ਸਿੰਧੂ, ਪਹਿਲਵਾਨ ਬਜਰੰਗ ਪੁਨੀਆ, ਮੁੱਕੇਬਾਜ ਲੋਵਲੀਨਾ ਬੋਰਗੋਹੇਨ ਅਤੇ ਪੁਰਸ਼ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ | ਅੱਜ ਦੇ ਸਮਾਪਤੀ ਸਮਾਰੋਹ ਵਿਚ ਕਾਂਸੀ ਤਮਗ਼ਾ ਜੇਤੂ ਬਜਰੰਗ ਪੁਨੀਆ ਨੇ ਤਿਰੰਗਾ ਫੜ ਕੇ ਭਾਰਤੀ ਦਲ ਦੀ ਅਗਵਾਈ ਕੀਤੀ |
ਉਦਘਾਟਨੀ ਸਮਾਰੋਹ ਵਿਚ ਜਿਥੇ ਖਿਡਾਰੀਆਂ ਨੇ ਰਵਾਇਤੀ ਪਹਿਰਾਵਾ ਪਹਿਨਿਆ ਹੋਇਆ ਸੀ, ਉੱਥੇ ਉਹ ਸਮਾਪਤੀ ਸਮਾਰੋਹ ਵਿਚ ਟਰੈਕ ਸੂਟ ਪਹਿਨੇ ਹੋਏ ਨਜ਼ਰ ਆਏ | ਸਮਾਪਤੀ ਸਮਾਰੋਹ ਵਿਚ ਸਿਰਫ਼ ਕੁੱਝ ਖਿਡਾਰੀਆਂ ਨੇ ਹਿੱਸਾ ਲਿਆ | ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਅਤੇ ਮੁੱਕੇਬਾਜ਼ ਐਮਸੀ ਮੈਰੀਕਾਮ ਟੋਕੀਉ ਉਲੰਪਿਕ ਦੇ ਉਦਘਾਟਨੀ ਸਮਾਰੋਹ ਵਿਚ ਭਾਰਤ ਦੇ ਝੰਡੇਦਾਰ ਸਨ |
ਖੇਡਾਂ ਦੇ ਇਸ ਮਹਾਂਕੁੰਭ ਵਿਚ 205 ਦੇਸ਼, 33 ਖੇਡਾਂ, 339 ਈਵੈਂਟਸ ਅਤੇ 11 ਹਜ਼ਾਰ ਤੋਂ ਵੱਧ ਅਥਲੀਟਾਂ ਨੇ ਹਿੱਸਾ ਲਿਆ ਸੀ | ਇਸ ਵਾਰ ਟੋਕੀਉ ਉਲੰਪਿਕਸ ਵਿਚ ਭਾਰਤ ਵਲੋਂ ਸੱਭ ਤੋਂ ਵੱਡੀ ਟੁਕੜੀ (128) ਟੋਕੀਉ ਪਹੁੰਚੀ, ਜਿਸਨੇ ਕੁਲ 18 ਖੇਡ ਮੁਕਾਬਲਿਆਂ ਵਿਚ ਹਿੱਸਾ ਲਿਆ | ਸਾਰੇ ਖਿਡਾਰੀਆਂ ਨੇ ਅਪਣਾ ਸਰਬੋਤਮ ਪ੍ਰਦਰਸ਼ਨ ਕੀਤਾ ਪਰ ਕੁੱਝ ਮੈਡਲ ਤਕ ਪਹੁੰਚਣ ਤੋਂ ਖੁੰਝ ਗਏ ਪਰ ਕੁੱਝ ਨੇ ਜਿੱਤ ਪ੍ਰਾਪਤ ਕੀਤੀ ਅਤੇ ਦੇਸ਼ ਦਾ ਮਾਣ ਵਧਾਇਆ |
(ਏਜੰਸੀ)