Punjab News: ਨੀਰਜ ਦੀ ਵਿਲੱਖਣ ਪ੍ਰਾਪਤੀ ਆਉਣ ਵਾਲੇ ਖਿਡਾਰੀਆਂ ਨੂੰ ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ਵਿੱਚ ਮੱਲਾਂ ਮਾਰਨ ਲਈ ਪ੍ਰੇਰੇਗੀ
CM CONGRATULATES NEERAJ CHOPRA FOR BAGGING SILVER MEDAL IN PARIS OLYMPICS: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਰਤੀ ਅਥਲੀਟ ਨੀਰਜ ਚੋਪੜਾ ਨੂੰ ਪੈਰਿਸ ਉਲੰਪਿਕ ਖੇਡਾਂ ਵਿੱਚ ਜੈਵਲਿਨ ਥਰੋਅ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਉਤੇ ਵਧਾਈ ਦਿੱਤੀ। ਆਪਣੇ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਨੀਰਜ ਚੋਪੜਾ ਨੇ ਆਪਣੀ ਵਿਲੱਖਣ ਤੇ ਇਤਿਹਾਸਕ ਪ੍ਰਾਪਤੀ ਰਾਹੀਂ ਸਮੁੱਚੇ ਮੁਲਕ ਨੂੰ ਮਾਣ ਮਹਿਸੂਸ ਕਰਵਾਇਆ ਹੈ।
ਉਨ੍ਹਾਂ ਕਿਹਾ ਕਿ ਚੋਪੜਾ ਨੇ ਟੋਕੀਓ ਉਲੰਪਿਕਸ ਵਿੱਚ ਸੋਨੇ ਦਾ ਤਮਗਾ ਜਿੱਤ ਕੇ ਇਤਿਹਾਸ ਸਿਰਜਿਆ ਸੀ ਅਤੇ ਹੁਣ ਪੈਰਿਸ ਉਲੰਪਿਕਸ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਦੇਸ਼ ਲਈ ਨਾਮਣਾ ਖੱਟਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਲੰਪਿਕਸ ਵਿੱਚ ਭਾਰਤੀ ਖਿਡਾਰੀਆਂ ਵੱਲੋਂ ਜਿੱਤੇ ਤਗ਼ਮੇ ਨਵੇਂ ਖਿਡਾਰੀਆਂ ਨੂੰ ਆਗਾਮੀ ਮੁਕਾਬਲਿਆਂ ਲਈ ਪ੍ਰੇਰਿਤ ਕਰਨਗੇ।
ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਇਸ ਨੌਜਵਾਨ ਖਿਡਾਰੀ ਦਾ ਸ਼ਾਨਦਾਰ ਪ੍ਰਦਰਸ਼ਨ ਭਵਿੱਖ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਸ ਦੇ ਨਕਸ਼ੇ-ਕਦਮ ਉਤੇ ਚੱਲਣ ਲਈ ਟੁੰਬੇਗਾ। ਉਨ੍ਹਾਂ ਉਮੀਦ ਜਤਾਈ ਕਿ ਨੀਰਜ ਚੋਪੜਾ ਨਵੇਂ ਖਿਡਾਰੀਆਂ ਲਈ ਆਉਣ ਵਾਲੇ ਸਮੇਂ ਵਿੱਚ ਖੇਡ ਮੁਕਾਬਲਿਆਂ ਵਿੱਚ ਮੱਲਾਂ ਮਾਰਨ ਲਈ ਆਦਰਸ਼ ਦੀ ਭੂਮਿਕਾ ਨਿਭਾਉਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹਰੇਕ ਖੇਡ ਵਿੱਚ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਉਨ੍ਹਾਂ ਦੀ ਖੇਡ ਪ੍ਰਤੀ ਮਿਹਨਤ ਤੇ ਸਮਰਪਣ ਭਾਵਨਾ ਦਾ ਪਤਾ ਚੱਲਦਾ ਹੈ।