ਡਰਾਇਵਰ ਨੇ ਕਿਹਾ- ਰਾਤ ਦੀ ਬਚੀ ਹੋਈ ਸ਼ਰਾਬ ਸਵੇਰੇ ਪੀ ਲਈ ਸੀ
Ludhiana News : ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਵਿੱਚ ਕੁਝ ਦਿਨ ਪਹਿਲਾਂ ਸ਼ਹਿਰ ਦੇ ਸਨਮਤੀ ਵਿਮਲ ਜੈਨ ਸਕੂਲ ਦੀ ਬੱਸ ਦੇ ਹਾਦਸੇ ਤੋਂ ਬਾਅਦ ਵੀ ਸਕੂਲ ਪ੍ਰਸ਼ਾਸਨ ਦੀਆਂ ਅੱਖਾਂ ਨਹੀਂ ਖੁੱਲ੍ਹੀਆਂ ਹਨ। ਜਿਸ ਕਾਰਨ ਅੱਜ ਇੱਕ ਹੋਰ ਨਿੱਜੀ ਸਕੂਲ ਦੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ। ਬੱਸ ਡਰਾਈਵਰ ਨੇ ਸ਼ਰਾਬ ਦੇ ਨਸ਼ੇ 'ਚ ਧੁੱਤ ਹੋ ਕੇ ਸਕੂਲ ਬੱਸ ਨੂੰ ਕੰਧ ਨਾਲ ਟਕਰਾ ਦਿੱਤਾ।
ਹਾਲਾਂਕਿ ਇਸ ਹਾਦਸੇ 'ਚ ਬੱਚੇ ਵਾਲ-ਵਾਲ ਬਚ ਗਏ ਪਰ ਪਿੰਡ ਦੇ ਲੋਕਾਂ ਨੇ ਬੱਸ ਡਰਾਈਵਰ ਨੂੰ ਫੜ ਕੇ ਬੁਰੀ ਤਰ੍ਹਾਂ ਕੁੱਟਿਆ। ਇਸ ਦੌਰਾਨ ਡਰਾਈਵਰ ਪੂਰੀ ਤਰ੍ਹਾਂ ਸ਼ਰਾਬ ਦੇ ਨਸ਼ੇ 'ਚ ਧੁੱਤ ਸੀ। ਡਰਾਈਵਰ ਨੇ ਦੱਸਿਆ ਕਿ ਉਸ ਨੇ ਰਾਤ ਨੂੰ ਸ਼ਰਾਬ ਪੀਤੀ ਹੋਈ ਸੀ। ਰਾਤ ਨੂੰ ਕੁਝ ਸ਼ਰਾਬ ਬਚ ਗਈ ਸੀ ਤਾਂ ਉਹ ਸਵੇਰੇ ਉੱਠਦੇ ਹੀ ਪੀ ਲਈ ਸੀ।
ਜਿਸ ਤੋਂ ਬਾਅਦ ਉਹ ਪਿੰਡ ਬੜ-ਸਾਲ ਤੋਂ ਲੰਘਦੇ ਹੋਏ 4 ਵੱਖ-ਵੱਖ ਪਿੰਡਾਂ ਦੇ 15-16 ਬੱਚੇ ਲੈ ਕੇ ਪਿੰਡ ਬੁਚਕਰ ਪਹੁੰਚੇ। ਜਿੱਥੇ ਸ਼ਰਾਬ ਦਾ ਨਸ਼ਾ ਜ਼ਿਆਦਾ ਹੋਣ ਕਾਰਨ ਬੱਸ ਬੇਕਾਬੂ ਹੋ ਕੇ ਸਿੱਧੀ ਘਰ ਦੀ ਕੰਧ ਨਾਲ ਜਾ ਟਕਰਾਈ। ਟੱਕਰ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕ ਘਰਾਂ 'ਚੋਂ ਬਾਹਰ ਆ ਗਏ। ਲੋਕਾਂ ਨੇ ਪਹਿਲਾਂ ਬੱਚਿਆਂ ਨੂੰ ਬੱਸ ਤੋਂ ਬਾਹਰ ਕੱਢਿਆ ਅਤੇ ਫਿਰ ਡਰਾਈਵਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।
ਪੁਲਿਸ ਨੇ ਡਰਾਈਵਰ ਨੂੰ ਕਾਬੂ ਕਰ ਲਿਆ
ਪਿੰਡ ਵਾਸੀਆਂ ਵੱਲੋਂ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਮੌਕੇ ’ਤੇ ਪੁੱਜੀ ਅਤੇ ਸ਼ਰਾਬੀ ਬੱਸ ਚਾਲਕ ਨੂੰ ਕਾਬੂ ਕਰ ਲਿਆ। ਫਿਲਹਾਲ ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੈ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਜਗਰਾਉਂ ਦੇ ਨਿੱਜੀ ਸਕੂਲ ਦੇ ਬੱਸ ਡਰਾਈਵਰ ਨੇ ਸ਼ਰਾਬ ਪੀ ਕੇ ਬੱਸ ਨੂੰ ਦਰੱਖਤ ਨਾਲ ਟਕਰਾ ਦਿੱਤਾ ਸੀ। ਇਸ ਹਾਦਸੇ 'ਚ 7 ਸਾਲ ਦੇ ਬੱਚੇ ਦੀ ਮੌਤ ਹੋ ਗਈ ਸੀ। ਇਸ ਹਾਦਸੇ ਵਿੱਚ ਕਈ ਬੱਚੇ ਜ਼ਖਮੀ ਵੀ ਹੋਏ ਹਨ।