
ਆੜ੍ਹਤੀਆਂ ਅਤੇ ਲੇਬਰ ਦਾ ਬਕਾਇਆ ਤੁਰਤ ਜਾਰੀ ਕਰੇ ਐਫਸੀਆਈ : ਅਮਨ ਅਰੋੜਾ
ਚੰਡੀਗੜ੍ਹ, 8 ਸਤੰਬਰ (ਨੀਲ ਭਲਿੰਦਰ) : ਕਣਕ ਦੇ ਸੀਜ਼ਨ ਦੌਰਾਨ ਕੇਂਦਰੀ ਫੂਡ ਏਜੰਸੀ ਐਫ.ਸੀ.ਆਈ ਵੱਲੋਂ ਸੂਬੇ ਦੇ ਆੜ੍ਹਤੀਆਂ ਅਤੇ ਲੇਬਰ (ਪੱਲੇਦਾਰ) ਦੀ 105 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਅਜੇ ਤੱਕ ਜਾਰੀ ਨਾ ਕਰਨ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। 'ਆਪ' ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਦੀ ਖ਼ਰੀਦੀ ਗਈ ਕਣਕ ਦਾ ਬਕਾਇਆ ਜਾਰੀ ਨਾ ਕਰਨ ਕਰਕੇ ਆੜ੍ਹਤੀਆਂ ਅਤੇ ਲੇਬਰ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਅਮਨ ਅਰੋੜਾ ਨੇ ਮੰਗ ਕੀਤੀ ਕਿ ਉਹ ਇਸ ਮਾਮਲੇ ਵਿਚ ਦਖ਼ਲ ਦੇਣ ਅਤੇ ਬਕਾਇਆ ਰਾਸ਼ੀ ਤੁਰੰਤ ਜਾਰੀ ਕਰਵਾਉਣ। ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਅੰਨਦਾਤਾ ਨੇ ਇਸ ਵਾਰ 138 ਲੱਖ ਮੀਟਰਿਕ ਟਨ ਕਣਕ ਕੇਂਦਰੀ ਅੰਨ-ਭੰਡਾਰ ਵਿਚ ਦਿੱਤੀ ਹੈ। ਜਿਸ ਵਿਚ ਪੰਜਾਬ ਦੇ ਆੜ੍ਹਤੀਆਂ, ਪੱਲੇਦਾਰਾਂ ਮਜ਼ਦੂਰਾਂ ਟਰਾਂਸਪੋਰਟਰਾਂ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਜਦਕਿ ਕਣਕ ਦੇ ਇਸ ਸੀਜ਼ਨ ਸਮੇਂ ਕੋਰੋਨਾ ਦੀ ਬਿਮਾਰੀ ਵੱਡੇ ਪੱਧਰ 'ਤੇ ਫੈਲੀ ਹੋਈ ਸੀ, ਪਰੰਤੂ ਅੱਜ 5 ਮਹੀਨੇ ਬੀਤ ਜਾਣ ਦੇ ਬਾਵਜੂਦimage ਵੀ ਬਹੁਤੇ ਆੜ੍ਹਤੀਆਂ ਅਤੇ ਲੇਬਰ ਨੂੰ ਬਕਾਇਆ ਨਹੀਂ ਮਿਲਿਆ ਅਤੇ ਉਹ ਦਰ-ਦਰ ਭਟਕ ਰਹੇ ਹਨ।