
-ਰੋਡਵੇਜ਼, ਪਨਬੱਸ ਵਰਕਰਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰਨ ’ਤੇ ਅਸਤੀਫ਼ਾ ਦੇਣ ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ - ਪਨਬੱਸ, ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੇ ਕੰਨਰੈਕਟ ਵਰਕਰਾਂ ਅਤੇ ਆਊਟ ਰਿਸੋਰਸ ਵਰਕਰਾਂ ਵੱਲੋਂ ਕੀਤੀ ਜਾ ਰਹੀ ਸੂਬਾ ਪੱਧਰੀ ਹੜਤਾਲ ਦਾ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਮਰਥਨ ਕੀਤਾ ਹੈ। ਹੜਤਾਲੀ ਟਰਾਂਸਪੋਰਟ ਵਰਕਰਾਂ ਦੇ ਹੱਕ ’ਚ ਖੜਦਿਆਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਟਰਾਂਸਪੋਰਟ ਮਾਫ਼ੀਆ ਨਾਲ ਮਿਲ ਕੇ ਸਰਕਾਰੀ ਬੱਸ ਸੇਵਾ ਨੂੰ ਬਰਬਾਦ ਕਰ ਰਹੀ ਹੈ।
Punjab Buses
ਵੀਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ, ‘‘ਪੰਜਾਬ ਵਿਚ ਨਿੱਜੀ ਟਰਾਂਸਪੋਰਟ ਮਾਫੀਆ ਨੂੰ ਪ੍ਰਫ਼ੁੱਲਤ ਕਰਨ ਲਈ ਕਾਂਗਰਸ ਸਰਕਾਰ ਉਸੇ ਤਰ੍ਹਾਂ ਸਰਕਾਰੀ ਟਰਾਂਸਪੋਰਟ ਦਾ ਬੇੜਾ ਡੋਬ ਰਹੀ ਹੈ, ਜਿਵੇਂ ਪਿਛਲੀ ਬਾਦਲ ਸਰਕਾਰ ਨੇ ਡੋਬਿਆ ਸੀ। ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁੱਟਕਾ ਸਾਹਿਬ ਦੀ ਸਹੁੰ ਚੁੱਕ ਕੇ ਵਾਅਦਾ ਕੀਤਾ ਸੀ ਕਿ ਸੂਬੇ ਵਿਚੋਂ ਟਰਾਂਸਪੋਰਟ ਮਾਫ਼ੀਆ ਖ਼ਤਮ ਕੀਤਾ ਜਾਵੇਗਾ।’’
Captain Amarinder Singh, Sukhbir Badal
ਚੀਮਾ ਨੇ ਅੱਗੇ ਕਿਹਾ ਟਰਾਂਸਪੋਰਟ ਮਾਫੀਆ ਅੱਜ ਵੀ ਇੱਕ- ਇਕ ਪਰਮਿਟ ’ਤੇ ਕਈ- ਕਈ ਬੱਸਾਂ ਚਲਾ ਰਿਹਾ ਹੈ, ਜਿਸ ਨਾਲ ਰਾਜ ਦੇ ਖ਼ਜਾਨੇ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਨਾਲ ਮਿਲ ਕੇ ਪੰਜਾਬ ਰੋਡਵੇਜ਼ ਅਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਨੂੰ ਤਬਾਹ ਕਰ ਦਿੱਤਾ ਹੈ, ਜਿਸ ਕਾਰਨ ਸੂਬੇ ਦੇ ਹਜ਼ਾਰਾਂ ਨੌਜਵਾਨ ਸਰਕਾਰੀ ਨੌਕਰੀਆਂ ਤੋਂ ਵਾਂਝੇ ਹੋ ਗਏ ਹਨ ਅਤੇ ਦੂਰ -ਦਰਾਜ ਦੇ ਪੇਂਡੂ ਇਲਾਕਿਆਂ ’ਚ ਸਰਕਾਰੀ ਟਰਾਂਸਪੋਰਟ ਸੇਵਾ ਪੂਰੀ ਤਰ੍ਹਾਂ ਠੱਪ ਹੋ ਗਈ ਹੈ।
Punjab Roadways
ਹਰਪਾਲ ਸਿੰਘ ਚੀਮਾ ਨੇ ਕਿਹਾ, ‘‘ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਦੇ ਹੜਤਾਲੀ ਵਰਕਰਾਂ ਵੱਲੋਂ ਕੀਤੀਆਂ ਜਾਦੀਆਂ ਰੈਗੂਲਰ ਕਰਨ, ਸਰਕਾਰੀ ਬੇੜੇ ਵਿੱਚ 10 ਹਜ਼ਾਰ ਨਵੀਆਂ ਬੱਸਾਂ ਸ਼ਾਮਲ ਕਰਨ ਅਤੇ ਮਾਮੂਲੀ ਕੇਸ਼ਾਂ ’ਚ ਬਰਖਾਸਤ ਕੀਤੇ ਵਰਕਰਾਂ ਨੂੰ ਮੁੜ ਨੌਕਰੀ ’ਤੇ ਬਹਾਲ ਕਰਨ ਜਿਹੀਆਂ ਮੰਗਾਂ ਬਿਲਕੁੱਲ ਜਾਇਜ਼ ਹਨ। ’’ ਚੀਮਾ ਨੇ ਕਿਹਾ ਕਿ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਤਾਂ ਕੀ ਦੇਣੀਆਂ ਸਨ, ਕੰਟਰੈਕਟ ’ਤੇ ਰੱਖੇ ਮੁਲਾਜ਼ਮਾਂ ਨੂੰ ਵੀ ਰੈਗੂਲਰ ਨਹੀਂ ਕੀਤਾ। ਸਰਕਾਰ ਕੰਟਰੈਕਟ ਅਤੇ ਆਊਟ ਰਿਸੋਰਸ ਵਰਕਰਾਂ ਨੂੰ ਤੁਰੰਤ ਰੈਗੂਲਰ ਕਰੇ ਜੋ ਪਿਛਲੇ ਲੰਮੇ ਸਮੇਂ ਤੋਂ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰਦੇ ਆ ਰਹੇ ਹਨ।
Harpal Singh Cheema
ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਦੀ ਅਲੋਚਨਾ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਰੋਡਵੇਜ, ਪਨਬੱਸ ਅਤੇ ਪੀਅਰਟੀਸੀ ਦੇ ਵਰਕਰਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਪੂਰੀ ਤਰ੍ਹਾਂ ਫ਼ੇਲ ਹੋਏ ਹਨ। ਇਸ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ। ਮੁੱਖ ਮੰਤਰੀ ਨੂੰ ਸਵਾਲ ਕਰਦਿਆਂ ਉਨ੍ਹਾਂ ਕਿਹਾ, ‘‘ਇੱਕ ਪਾਸੇ ਸਰਕਾਰੀ ਬੱਸਾਂ ਘਾਟੇ ਵਿੱਚ ਹਨ
Bikram Singh Majithia
ਫਿਰ ਕਾਂਗਰਸ ਦੇ ਰਾਜ ’ਚ ਬਾਦਲਾਂ ਅਤੇ ਮਜੀਠੀਆ ਦੀਆਂ ਬੱਸਾਂ ਕਿਉਂ ਹੋਰ ਵੱਧ ਗਈਆਂ ਹਨ?’’ ਉਨ੍ਹਾਂ ਦੋਸ਼ ਲਾਇਆ ਕਿ ਸੱਤਾਧਾਰੀ ਧਿਰ ਦੇ ਵੱਡੇ ਆਗੂ ਵੀ ਟਰਾਂਸਪੋਰਟ ਮਾਫੀਆ ਵਿੱਚ ਹੱਥ ਰੰਗ ਰਹੇ ਹਨ। ਚੀਮਾ ਨੇ ਵਾਅਦਾ ਕੀਤਾ ਕਿ ‘ਆਪ’ ਦੀ ਸਰਕਾਰ ਬਣਨ ’ਤੇ ਦਿੱਲੀ ਸਰਕਾਰ ਦੀ ਤਰਜ ’ਤੇ ਸਰਕਾਰੀ ਟਰਾਂਸਪੋਰਟ ਦੀ ਕਾਇਆ ਕਲਪ ਕੀਤੀ ਜਾਵੇਗੀ। ਠੇਕੇਦਾਰੀ ਭਰਤੀ ਬੰਦ ਕਰਕੇ ਰੈਗੂਲਰ ਭਰਤੀ ਦਾ ਪ੍ਰਬੰਧ ਕੀਤਾ ਜਾਵੇਗਾ।