
ਧਮਾਕਿਆਂ ਦੇ ਦੋਸ਼ੀ ਯਾਕੂਬ ਮੇਮਨ ਦੀ ਕਬਰ ਨੂੰ ਧਾਰਮਕ ਸਥਾਨ ਬਣਾਉਣ 'ਤੇ ਭਖਿਆ ਵਿਵਾਦ
ਮੁੰਬਈ, 8 ਸਤੰਬਰ : ਮੁੰਬਈ 'ਚ 1993 ਦੇ ਬੰਬ ਧਮਾਕਿਆਂ ਦੇ ਦੋਸ਼ੀ ਯਾਕੂਬ ਮੇਮਨ ਦੀ ਕਬਰ ਦੇ ਰੱਖ-ਰਖਾਅ ਦੇ ਕੰਮ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ | ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦਾਅਵਾ ਕੀਤਾ ਹੈ ਕਿ ਉਸ (ਮੇਮਨ) ਦੀ ਕਬਰ ਨੂੰ 'ਸੁੰਦਰ' ਬਣਾਇਆ ਗਿਆ ਹੈ ਅਤੇ ਇਸ ਨੂੰ ਧਾਰਮਕ ਸਥਾਨ 'ਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਨ੍ਹਾਂ ਖਬਰਾਂ ਤੋਂ ਬਾਅਦ ਵੀਰਵਾਰ ਨੂੰ ਹਰਕਤ ਵਿਚ ਆਈ ਮੁੰਬਈ ਪੁਲਿਸ ਨੇ ਅਤਿਵਾਦੀ ਦੀ ਕਬਰ ਦੇ ਆਲੇ-ਦੁਆਲੇ ਲਗਾਈ 'ਐਲਈਡੀ ਲਾਈਟਾਂ' ਨੂੰ ਹਟਾ ਦਿਤਾ | ਮੇਮਨ ਨੂੰ 2015 ਵਿਚ ਨਾਗਪੁਰ ਜੇਲ ਵਿਚ ਫਾਂਸੀ ਦਿਤੀ ਗਈ ਸੀ ਅਤੇ ਦਖਣੀ ਮੁੰਬਈ ਦੇ ਬਾਡਾ ਕਬਰਸਤਾਨ ਵਿਚ ਦਫਨਾਇਆ ਗਿਆ ਸੀ |
ਇਕ ਅਧਿਕਾਰੀ ਨੇ ਦਸਿਆ ਕਿ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਡੀਸੀਪੀ) ਰੈਂਕ ਦਾ ਇਕ ਪੁਲਿਸ ਅਧਿਕਾਰੀ ਇਸ ਗੱਲ ਦੀ ਜਾਂਚ ਕਰੇਗਾ ਕਿ ਅਤਿਵਾਦੀ ਦੀ ਕਬਰ 'ਤੇ 'ਐਲਈਡੀ ਲਾਈਟਾਂ' ਕਿਵੇਂ ਲਗਾਈਆਂ ਗਈਆਂ ਅਤੇ ਸੰਗਮਰਮਰ ਦੀਆਂ 'ਟਾਈਲਾਂ' ਨਾਲ ਉਸ ਨੂੰ ਸਜਾਇਆ ਗਿਆ |
ਮਹਾਰਾਸਟਰ ਦੇ ਕੁੱਝ ਭਾਜਪਾ ਨੇਤਾਵਾਂ ਨੇ ਦਾਅਵਾ ਕੀਤਾ ਕਿ ਜਦੋਂ ਊਧਵ ਠਾਕਰੇ ਮੁੱਖ ਮੰਤਰੀ ਸਨ ਤਾਂ ਕਬਰ ਨੂੰ ਮਕਬਰੇ ਵਿਚ ਬਦਲ ਦਿਤਾ ਗਿਆ ਸੀ | ਉਥੇ ਹੀ, ਠਾਕਰੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਧੜੇ ਨੇ ਕਿਹਾ ਕਿ ਇਹ ਸਾਰਾ ਮਾਮਲਾ ਲੋਕਾਂ ਦਾ ਧਿਆਨ ਵਧਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਵਰਗੇ ਹੋਰ ਅਹਿਮ ਮੁੱਦਿਆਂ ਤੋਂ ਹਟਾਉਣ ਦੀ ਕੋਸ਼ਿਸ਼ ਹੈ |
ਭਾਜਪਾ ਦੀ ਸੂਬਾਈ ਇਕਾਈ ਦੇ ਮੁਖੀ ਚੰਦਰਸ਼ੇਖਰ ਬਾਵਨਕੁਲੇ ਨੇ ਕਿਹਾ ਕਿ ਠਾਕਰੇ ਨੂੰ 250 ਲੋਕਾਂ ਦੀ ਹਤਿਆ ਲਈ ਜ਼ਿੰਮੇਵਾਰ ਵਿਅਕਤੀ ਦੀ ਕਬਰ ਨੂੰ 'ਸੁੰਦਰ ਬਣਾਉਣ' ਦੀ ਕੋਸ਼ਿਸ਼ ਕਰਨ ਲਈ ਮੁੰਬਈ ਅਤੇ ਮਹਾਰਾਸ਼ਟਰ ਦੇ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ |
ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਸ਼ਬ-ਏ-ਬਰਾਤ ਦੇ ਮੌਕੇ 'ਤੇ ਬਡਾ ਕਬਰਿਸਤਾਨ ਵਿਚ 'ਹੈਲੋਜ਼ਨ ਲਾਈਟਾਂ' ਲਗਾਈਆਂ ਗਈਆਂ ਸਨ ਅਤੇ ਕਬਰਿਸਤਾਨ ਦੇ ਟਰੱਸਟੀਆਂ ਨੇ ਉਨ੍ਹਾਂ ਨੂੰ ਹਟਾ ਦਿਤਾ ਹੈ | ਮੇਮਨ ਦੀ ਕਬਰ ਦੇ ਆਲੇ-ਦੁਆਲੇ ਸੰਗਮਰਮਰ ਦੀਆਂ 'ਟਾਈਲਾਂ' ਕਰੀਬ ਤਿੰਨ ਸਾਲ ਪਹਿਲਾਂ ਲਗਾਈਆਂ ਗਈਆਂ ਸਨ | ਉਨ੍ਹਾਂ ਕਿਹਾ ਕਿ ਇਥੇ 13 ਹੋਰ ਕਬਰਾਂ ਵੀ ਹਨ | (ਏਜੰਸੀ)