
2024 'ਚ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਵਿਰੋਧੀ ਧਿਰ ਇਕਜੁੱਟ ਹੋਵੇਗੀ: ਮਮਤਾ
ਕੋਲਕਾਤਾ, 8 ਸਤੰਬਰ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਕਿਹਾ ਕਿ ਉਹ ਅਤੇ ਗੁਆਂਢੀ ਸੂਬੇ- ਬਿਹਾਰ ਅਤੇ ਝਾਰਖੰਡ ਦੇ ਉਨ੍ਹਾਂ ਦੇ ਹਮਰੁਤਬਾ 2024 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਪਾਰਟੀ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਕਈ ਹੋਰ ਵਿਰੋਧੀ ਪਾਰਟੀਆਂ ਨਾਲ ਹੱਥ ਮਿਲਾਉਣਗੇ | ਅਪਣੀ ਪਾਰਟੀ ਦੇ ਇਕ ਪ੍ਰੋਗਰਾਮ ਨੂੰ ਸੰਬੋਧਤ ਕਰਦੇ ਹੋਏ ਤਿ੍ਣਮੂਲ ਕਾਂਗਰਸ ਸੁਪਰੀਮੋ ਬੈਨਰਜੀ ਨੇ ਦਾਅਵਾ ਕੀਤਾ ਕਿ ਭਾਜਪਾ ਅਪਣੇ ਹੰਕਾਰ ਅਤੇ ਲੋਕਾਂ ਦੇ ਗੁੱਸੇ ਕਾਰਨ ਹਾਰ ਦਾ ਸਾਹਮਣਾ ਕਰੇਗੀ | ਮਮਤਾ ਨੇ ਕਿਹਾ ਕਿ ਮੈਂ, ਨਿਤੀਸ਼ ਕੁਮਾਰ, ਹੇਮੰਤ ਸੋਰੇਨ ਅਤੇ ਕਈ ਹੋਰ ਲੋਕ 2024 'ਚ ਇਕੱਠੇ ਹੋਵਾਂਗੇ | ਸਾਰੀਆਂ ਵਿਰੋਧੀ ਪਾਰਟੀ ਭਾਜਪਾ ਨੂੰ ਹਰਾਉਣ ਲਈ ਹੱਥ ਮਿਲਾਉਣਗੀਆਂ | ਇਕ ਪਾਸੇ ਅਸੀਂ ਸਾਰੇ ਹੋਵਾਂਗੇ ਅਤੇ ਦੂਜੇ ਪਾਸੇ ਭਾਜਪਾ | ਭਾਜਪਾ ਦਾ 300 ਸੀਟਾਂ ਦਾ ਹੰਕਾਰ ਉਸ ਦੀ ਤਕਦੀਰ ਹੋਵੇਗੀ | 2024 'ਚ 'ਖੇਲਾ ਹੋਬੇ' | 'ਖੇਲਾ ਹੋਬੇ' (ਖੇਡ ਜਾਰੀ ਹੈ) ਪਿਛਲੇ ਸਾਲ ਵਿਧਾਨ ਸਭਾ ਚੋਣਾਂ ਦੌਰਾਨ ਤਿ੍ਣਮੂਲ ਕਾਂਗਰਸ ਦਾ ਜ਼ੋਰਦਾਰ ਨਾਅਰਾ ਸੀ, ਜਿਸ 'ਚ ਉਸ ਨੇ ਭਾਜਪਾ ਨੂੰ ਹਰਾ ਕੇ ਲਗਾਤਾਰ ਤੀਜੀ ਵਾਰ ਸੱਤਾ 'ਚ ਵਾਪਸੀ ਕੀਤੀ ਸੀ |
ਬੈਨਰਜੀ ਨੇ ਦਾਅਵਾ ਕੀਤਾ ਕਿ ਹਾਲ ਹੀ 'ਚ ਬੰਗਾਲ ਪੁਲਿਸ ਨੇ ਝਾਰਖੰਡ ਦੇ ਵਿਧਾਇਕਾਂ ਨੂੰ ਭਾਰੀ ਨਕਦੀ ਸਮੇਤ ਗਿ੍ਫ਼ਤਾਰ ਕਰ ਕੇ ਗੁਆਂਢੀ ਸੂਬੇ 'ਚ ਖ਼ਰੀਦ-ਫਰੋਖ਼ਤ ਨੂੰ ਰੋਕਿਆ ਅਤੇ ਹੇਮੰਤ ਸੋਰੇਨ ਸਰਕਾਰ ਨੂੰ ਡਿਗਣ ਤੋਂ ਬਚਾਇਆ | 30 ਜੁਲਾਈ ਨੂੰ ਪਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਦੇ ਪੰਚਲਾ ਵਿਖੇ ਝਾਰਖੰਡ ਦੇ ਤਿੰਨ ਕਾਂਗਰਸੀ ਵਿਧਾਇਕਾਂ ਦੀ ਗੱਡੀ ਤੋਂ ਕਰੀਬ 49 ਲੱਖ ਰੁਪਏ ਦੀ ਨਕਦੀ ਜਬਤ ਕੀਤੀ ਗਈ ਸੀ ਅਤੇ ਤਿੰਨਾਂ ਵਿਧਾਇਕਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਸੀ |
ਵਿਧਾਇਕਾਂ ਨੇ ਦਾਅਵਾ ਕੀਤਾ ਸੀ ਕਿ ਇਹ ਪੈਸਾ ਉਨ੍ਹਾਂ ਦੇ ਰਾਜ (ਝਾਰਖੰਡ) ਵਿਚ ਕਬਾਇਲੀ ਤਿਉਹਾਰ ਲਈ ਸਾੜੀਆਂ ਖਰੀਦਣ ਲਈ ਸੀ | ਝਾਰਖੰਡ 'ਚ ਝਾਮੁਮੋ ਦੀ ਅਗਵਾਈ ਵਾਲੀ ਸਰਕਾਰ ਦਾ ਹਿੱਸਾ ਰਹੀ ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਵਿਧਾਇਕਾਂ ਨੂੰ 10-10 ਕਰੋੜ ਰੁਪਏ ਅਤੇ ਮੰਤਰੀ ਅਹੁਦੇ ਦੀ ਪੇਸ਼ਕਸ਼ ਕਰ ਕੇ ਹੇਮੰਤ ਸੋਰੇਨ ਸਰਕਾਰ ਨੂੰ ਡਿਗਾਉਣ ਦੀ ਕੋਸ਼ਿਸ਼ ਕਰ ਰਹੀ ਸੀ |
ਬੈਨਰਜੀ ਨੇ ਕਿਹਾ, ''ਭਾਜਪਾ ਨੂੰ ਲਗਦਾ ਹੈ ਕਿ ਉਹ ਸਾਨੂੰ ਸੀ.ਬੀ.ਆਈ. ਅਤੇ ਈ.ਡੀ. ਤੋਂ ਡਰਾ ਸਕਦੀ ਹੈ ਪਰ ਜਿੰਨਾ ਵਧ ਉਹ ਲੋਕ ਇਸ ਤਰ੍ਹਾਂ ਦੇ ਹੱਥਕੰਡੇ ਅਪਣਾਉਣਗੇ, ਉਨਾਂ ਹੀ ਅਗਲੇ ਸਾਲ ਦੀਆਂ ਪੰਚਾਇਤੀ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ 'ਚ ਹਾਰ ਦੇ ਨੇੜੇ ਪਹੁੰਚਣਗੇ |'' (ਏਜੰਸੀ)