
ਅਨਾਜ ਮੰਡੀ 'ਚ ਹੰਗਾਮਾ, ਆੜ੍ਹਤੀਏ ਤੇ ਪੱਲੇਦਾਰ ਭਿੜੇ, ਕਈ ਜ਼ਖ਼ਮੀ
ਗੁਰਦਾਸਪੁਰ, 8 ਅਕਤੂਬਰ (ਪਪ) : ਗੁਰਦਾਸਪੁਰ ਦੇ ਕਸਬਾ ਫ਼ਹਿਤਗੜ੍ਹ ਚੂੜੀਆਂ ਦੀ ਮੰਡੀ ਵਿਚ ਆੜ੍ਹਤੀਆਂ ਅਤੇ ਪੱਲੇਦਾਰਾਂ ਆਪਸ ਵਿਚ ਭਿੜ ਗਏ। ਮੰਡੀ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਕਹਿਣਾ ਹੈ ਕਿ ਆੜ੍ਹਤੀਆਂ ਨੇ ਉਨ੍ਹਾਂ ਨੂੰ ਜਾਤੀ ਸੂਚਕ ਗਾਲਾਂ ਕੱਢੀਆਂ ਅਤੇ ਝੋਨੇ ਦੀ ਚੋਰੀ ਕਰਨ ਦਾ ਦੋਸ਼ ਲਗਾਇਆ ਸੀ। ਉਧਰ ਆੜੱਤੀਆਂ ਦਾ ਕਹਿਣਾ ਹੈ ਕਿ ਮਜ਼ਦੂਰਾਂ ਨੇ ਟਰੱਕ ਵਿਚੋਂ ਝੋਨੇ ਦੀ ਚੋਰੀ ਕੀਤੀ ਸੀ ਅਤੇ ਮਜ਼ਦੂਰਾਂ ਨੇ ਅਪਣੇ ਸਾਥੀਆਂ ਨੂੰ ਬੁਲਾ ਕੇ ਕੁੱਟਮਾਰ ਕੀਤੀ ਹੈ। ਪੁਲਿਸ ਨੇ ਦੋਹਾਂ ਪੱਖਾਂ ਦਾ ਬਿਆਨ ਦਰਜ ਕਰ ਕੇ ਮੁਕੱਦਮਾ ਦਰਜ ਕਰ ਲਿਆ ਹੈ। ਪੱਲੇਦਾਰਾਂ ਵਲੋਂ ਇਕ ਆੜ੍ਹਤੀਏ 'ਤੇ ਕੁੱਟਮਾਰ ਦੇ ਦੋਸ਼ ਲਗਾਉਂਦਿਆਂ ਉਸ ਦੀ ਦੁਕਾਨ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਉਕਤ ਆੜ੍ਹਤੀਏ ਵਲੋਂ ਪੁਲਿਸ ਨੂੰ ਬੁਲਾਇਆ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਮੰਡੀ ਵਿਚ ਵੱਡੀ ਗਿਣਤੀ 'ਚ ਇਕੱਠੇ ਹੋਏ ਪੱਲੇਦਾਰਾਂ ਅਤੇ ਮਜ਼ਦੂਰਾਂ ਦੇ ਇਕੱਠ 'ਚੋਂ ਬਚਾ ਕੇ ਕਢਿਆ ਗਿਆ। ਆੜ੍ਹਤੀ ਧਿਰ ਦੇ ਕੁਝ ਲੋਕਾਂ 'ਤੇ ਪੱਲੇਦਾਰਾਂ ਦੇ ਹਜੂਮ ਵਲੋਂ ਕੀਤਾ ਗਿਆ ਹਮਲਾ ਅਤੇ ਇਸ ਭੀੜ ਦੀ ਪੂਰੀ ਕੁੱਟਮਾਰ ਦੀ ਵੀਡੀਉ ਵਾਇਰਲ ਹੋਈ ਹੈ। ਆੜ੍ਹਤੀ ਨਰਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਉਸ ਦੀ ਦੁਕਾਨ 'ਤੇ ਕੰਮ ਕਰਨ ਵਾਲਾ ਸੇਮ ਮਸੀਹ ਪਿਛਲੇ ਕੱਝ ਦਿਨਾਂ ਤੋਂ ਝੋਨੇ ਦੀ ਚੋਰੀ ਕਰ ਰਿਹਾ ਸੀ ਅਤੇ ਫੜੇ ਜਾਣ 'ਤੇ ਉਸ ਨੇ ਅਪਣੇ ਸਾਥੀਆਂ ਨਾਲ ਮਿਲ ਕੇ ਹਮਲਾ ਕੀਤਾ ਅਤੇ ਪੁਲਿਸ ਦੀ ਮਦਦ ਨਾਲ ਉਨ੍ਹਾਂ ਅਪਣੀ ਜਾਨ ਬਚਾਉਣੀ ਪਈ। ਮੌਕੇ 'ਤੇ ਪਹੁੰਚੇ ਪੁਲਿਸ ਥਾਣਾ ਫ਼ਤਿਹਗੜ੍ਹ ਚੂੜੀਆਂ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦਸਿਆ ਕਿ ਦੋਵੇਂ ਧਿਰਾਂ ਵਿਚ ਹੱਥੋਪਾਈ ਹੋਈ ਹੈ ਅਤੇ ਦੋਵਾਂ ਧਿਰਾਂ ਦੇ ਲੋਕ ਜ਼ਖ਼ਮੀ ਹਨ ਜੋ ਹਸਪਤਾਲ ਵਿਚ ਦਾਖ਼ਲ ਹਨ।
image