
ਖੇਤੀ ਕਾਨੂੰਨ ਰੱਦ ਕਰਵਾਉਣ ਲਈ ਰੇਲ ਪਟੜੀ 'ਤੇ ਡਟੀਆਂ ਕਿਸਾਨ ਬੀਬੀਆਂ
ਕਿਸਾਨਾਂ ਨੇ ਮੋਦੀ ਸਰਕਾਰ ਵਿਰੁਧ ਵਿਢਿਆ ਰੇਲ ਰੋਕੋ ਅੰਦੋਲਨ 15 ਤਕ
ਸੁਨਾਮ ਊਧਮ ਸਿੰਘ ਵਾਲਾ, 8 ਅਕਤੂਬਰ (ਦਰਸ਼ਨ ਸਿੰਘ ਚੌਹਾਨ) : ਕੇਂਦਰ ਸਰਕਾਰ ਵਲੋਂ ਲਿਆਂਦੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਸਥਾਨਕ ਰੇਲਵੇ ਸਟੇਸ਼ਨ ਉਪਰ ਲਾਇਆ ਪੱਕਾ ਮੋਰਚਾ ਅਠਵੇਂ ਦਿਨ ਵੀ ਜਾਰੀ ਰਿਹਾ।
ਮੋਦੀ ਸਰਕਾਰ ਵਿਰੁਧ ਵਿੱਢੇ ਰੇਲ ਰੋਕੋ ਅੰਦੋਲਨ ਤਹਿਤ ਰੇਲ ਪਟੜੀ ਉੱਪਰ ਦਿਤੇ ਜਾ ਰਹੇ ਧਰਨੇ ਵਿਚ ਕਿਸਾਨ ਬੀਬੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਧਰਨਾਕਾਰੀ ਕਿਸਾਨ ਬੀਬੀਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਨੂੰਨ ਰੱਦ ਕਰਵਾਉਣ ਤਕ ਪ੍ਰਧਾਨ ਮੰਤਰੀ ਮੋਦੀ ਦਾ ਨੱਕ ਵਿਚ ਦਮ ਕੀਤਾ ਜਾਵੇਗਾ। ਸੁਨਾਮ ਵਿਖੇ ਰਿਲਾਇੰਸ ਅਤੇ ਐਸਾਰ ਕੰਪਨੀ ਦੇ ਪਟਰੌਲ ਪੰਪਾਂ ਤੋਂ ਇਲਾਵਾ ਛਾਜਲੀ ਵਿਖੇ ਸਾਈਲੋ ਗੁਦਾਮ ਸਾਹਮਣੇ ਕਿਸਾਨਾਂ ਦੇ ਧਰਨੇ ਲਗਾਤਾਰ ਜਾਰੀ ਰਹੇ। ਇਸ ਮੌਕੇ ਕਿਸਾਨ ਆਗੂਆਂ ਅਮਰੀਕ ਸਿੰਘ ਗੰਢੂਆਂ, ਦਰਬਾਰਾ ਸਿੰਘ ਛਾਜਲਾ, ਜਸਵੰਤ ਸਿੰਘ ਤੋਲਾਵਾਲ, ਸੁਖਪਾਲ ਸਿੰਘ ਮਾਣਕ ਅਤੇ ਰਾਮਸ਼ਰਨ ਸਿੰਘ ਉਗਰਾਹਾਂ ਨੇ ਧਰਨਾਕਾਰੀ ਕਿਸਾਨਾਂ ਨੂੰ ਸੰਬੋਧਨ ਕੀਤਾ।
ਜਥੇਬੰਦੀਆਂ ਵਲੋਂ ਵਿਢਿਆ ਸੰਘਰਸ਼ 15 ਅਕਤੂਬਰ ਤਕ ਜਾਰੀ ਰਖਣ ਦਾ ਫੈਸਲਾ ਵੀ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਸਾਨ ਵਿਰੋਧੀ ਤਰਕ ਦੇਣ ਵਾਲੇ ਸਰਦਾਰਾ ਸਿੰਘ ਜੌਹਲ ਤੇ ਸ਼ਬਦੀਵਾਰ ਕਰਦਿਆਂ ਕਿਹਾ ਕਿ ਉਕਤ ਵਿਅਕਤੀ ਨੇ ਕਦੇ ਵੀ ਕਿਸਾਨਾਂ ਦੇ ਭਲੇ ਦੀ ਗੱਲ ਨਹੀਂ ਕੀਤੀ। ਇਸ ਮੌਕੇ ਪਾਲ ਸਿੰਘ ਦੌਲੇਵਾਲਾ, ਅਜੈਬ ਸਿੰਘ ਜਖੇਪਲ, ਗੋਬਿੰਦ ਸਿੰਘ ਚੱਠੇ, ਗੁਰਮੇਲ ਸਿੰਘ ਸ਼ਾਹਪੁਰ, ਮਹਿੰਦਰ ਸਿੰਘ ਨਮੋਲ, ਹੈਪੀ ਨਮੋਲ ਨੇ ਵੀ ਸੰਬੋਧਨ ਕੀਤਾ।
image
ਰੇਲ ਲਾਈਨਾਂ 'ਤੇ ਰੋਸ ਪ੍ਰਦਰਸ਼ਨ ਕਰਦੀਆਂ ਹੋਈਆਂ ਬੀਬੀਆਂ।