
ਪੰਥ ਰਤਨ ਅਤੇ ਫ਼ਖ਼ਰ-ਏ-ਕੌਮ ਦੇ ਐਵਾਰਡ ਲੈਣ ਵਾਲਿਆਂ ਨੂੰ ਹੁਣ ਦੇਣੇ ਪੈਣਗੇ ਜਵਾਬ : ਬਰਾੜ
ਕੋਟਕਪੂਰਾ, 8 ਅਕਤੂਬਰ (ਗੁਰਿੰਦਰ ਸਿੰਘ) : ਸਰਕਾਰ ਵਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੀ ਪ੍ਰਕਿਰਿਆ ਸ਼ੁਭ ਸੰਕੇਤ ਹੈ ਕਿਉਂਕਿ ਪਿਛਲੇ 9 ਸਾਲਾਂ ਤੋਂ ਗੁਰਦਵਾਰਾ ਚੋਣਾਂ ਹੋਈਆਂ ਨਹੀਂ ਜਾਂ ਕਰਵਾਉਣ ਦੀ ਜ਼ਰੂਰਤ ਹੀ ਨਾ ਸਮਝੀ ਗਈ, ਇਸ ਬਾਰੇ ਪੰਥਕ ਹਲਕਿਆਂ 'ਚ ਅਕਸਰ ਚਰਚਾ ਚਲਦੀ ਰਹਿੰਦੀ ਹੈ।
ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਐਡਵੋਕੇਟ ਜਗਜੀਤ ਸਿੰਘ ਬਰਾੜ ਨੇ ਦਾਅਵਾ ਕੀਤਾ ਕਿ ਅਗਾਮੀ ਚੋਣਾਂ 'ਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰਨ, ਦੋਸ਼ੀਆਂ ਦੀ ਸਰਪ੍ਰਸਤੀ ਕਰਨ ਅਤੇ ਉਲਟਾ ਇਨਸਾਫ਼ ਮੰਗਦੀਆਂ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਤਸ਼ੱਦਦ ਢਾਹੁਣ ਅਰਥਾਤ ਗੋਲੀ ਤਕ ਚਲਾ ਦੇਣ ਵਾਲੀਆਂ ਘਟਨਾਵਾਂ ਨਾਲ ਸਬੰਧਤ ਅਖੌਤੀ ਪੰਥਕ ਆਗੂਆਂ ਨੂੰ ਲੋਕ ਕਚਹਿਰੀ 'ਚ ਸਪੱਸ਼ਟੀਕਰਨ ਦੇਣਾ ਪਵੇਗਾ ਕਿਉਂਕਿ ਲੋਕ ਉਨ੍ਹਾਂ ਤੋਂ ਪਾਈ-ਪਾਈ ਦਾ ਹਿਸਾਬ-ਕਿਤਾਬ ਮੰਗਣਗੇ। ਐਡਵੋਕੇਟ ਬਰਾੜ ਮੁਤਾਬਕ ਤਖ਼ਤਾਂ ਦੇ ਜਥੇਦਾਰਾਂ ਵਲੋਂ ਜਾਂਚ ਕਰਾਉਣ ਉਪਰੰਤ 328 ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਦਾ ਮਾਮਲਾ ਉਜਾਗਰ ਕਰਨ ਤੋਂ ਬਾਅਦ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਵਲੋਂ ਕਸੂਰਵਾਰਾਂ ਵਿਰੁਧ ਸਖ਼ਤ ਕਾਰਵਾਈ ਕਰਨ ਦੇ ਵਿਸ਼ਵਾਸ ਦਿਵਾਉਣ ਤੋਂ ਕੁੱਝ ਸਮੇਂ ਬਾਅਦ ਯੂ-ਟਰਨ ਲੈਂਦਿਆਂ ਮਾਮਲਾ ਦਬਾਉਣ ਦੀਆਂ ਕਾਰਵਾਈਆਂ ਦਾ ਸਿੱਖ ਸੰਗਤਾਂ ਦੇ ਮਨਾਂ 'ਚ ਬਹੁਤ ਰੋਸ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਥ ਦਾ ਘਾਣ ਕਰ ਕੇ ਪੰਥ ਰਤਨ ਅਤੇ ਸਿੱਖ ਕੌਮ ਦਾ ਬੇੜਾ ਗਰਕ ਕਰ ਕੇ ਫ਼ਖ਼ਰ-ਏ-ਕੌਮ ਦੇ ਐਵਾਰਡ ਲੈਣ ਵਾਲਿਆਂ ਨੂੰ ਹੁਣ ਇਕ-ਇਕ ਗੱਲ ਦਾ ਖ਼ਮਿਆਜ਼ਾ ਲੋਕ ਕਚਹਿਰੀ 'ਚ ਭੁਗਤਣਾ ਪਵੇਗਾ।image