
ਹਰਪਾਲ ਚੀਮਾ ਸਮੇਤ 'ਆਪ' ਦੇ ਸੀਨੀਅਰ ਆਗੂ ਗ੍ਰਿਫ਼ਤਾਰ ਫਿਰ ਕੀਤੇ ਰਿਹਾਅ
ਮੁੱਖ ਮੰਤਰੀ ਦੇ ਫ਼ਾਰਮ ਹਾਊਸ ਨੂੰ ਘੇਰਨ ਦੀ ਸੀ ਤਿਆਰੀ
ਮੁਲਾਂਪੁਰ ਗ਼ਰੀਬਦਾਸ, ਖਰੜ, 8 ਅਕਤੂਬਰ (ਰਵਿੰਦਰ ਸਿੰਘ ਸੈਣੀ, ਪੰਕਜ ਚੱਡਾ) : ਵਜ਼ੀਫ਼ਾ ਘਪਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਦੀ ਅਗਵਾਈ 'ਚ 'ਆਪ' ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਫ਼ਾਰਮ ਹਾਊਸ ਦਾ ਘਿਰਾਉ ਕੀਤਾ, ਜਿਸ ਦੌਰਾਨ ਉਨ੍ਹਾਂ ਦੀ ਪੁਲਿਸ ਨਾਲ ਕਾਫੀ ਧੱਕਾ-ਮੁੱਕੀ ਹੋਈ ਅਤੇ ਪੁਲਿਸ ਨੇ ਰਾਹ 'ਚ ਹਰਪਾਲ ਚੀਮਾ ਸਮੇਤ ਬਾਕੀ ਸੀਨੀਅਰ ਪਾਰਟੀ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਵਿਧਾਇਕਾਂ ਨੂੰ ਖਰੜ ਦੇ ਸਿਵਲ ਰੈਸਟ ਹਾਊਸ 'ਚ ਲੈ ਗਈ ਤੇ ਥੋੜੇ ਸਮੇਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿਤਾ ਗਿਆ। ਇਸ ਮੌਕੇ ਹਰਪਾਲ ਚੀਮਾ ਨੇ ਕਿਹਾ ਕਿ ਸਾਧੂ ਸਿੰਘ ਧਰਮਸੋਤ ਨੇ ਕੇਂਦਰ ਵਲੋਂ ਆਈ ਵਜ਼ੀਫ਼ਾ ਸਕੀਮ ਤਹਿਤ ਕਰੋੜਾਂ ਰੁਪਏ ਦਾ ਘਪਲਾ ਕਰ ਕੇ ਦਲਿਤ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਧਰਮਸੋਤ ਨੂੰ ਕਲੀਨ ਚਿੱਟ ਦੇਣਾ ਪੰਜਾਬ ਸਰਕਾਰ ਦੀ ਮਿਲੀ-ਭੁਗਤ ਦਰਸਾਉਂਦੀ ਹੈ। ਆਮ ਆਦਮੀ ਪਾਰਟੀ ਦੀ ਮੰਗ ਹੈ ਕਿ ਮੰਤਰੀ ਨੂੰ ਤੁਰਤ ਅਹੁਦੇ ਤੋਂ ਹਟਾਇਆ ਜਾਵੇ ਤੇ ਇਸ ਘੁਟਾਲੇ ਦੀ ਸੀਬੀਆਈ ਜਾਂਚ ਕਰਵਾਈ ਜਾਵੇ ਤੇ ਇਸ ਜਾਂਚ ਦੀ ਨਿਗਰਾਨੀ ਕਰਨ ਲਈ ਹਾਈ ਕੋਰਟ ਦੇ ਜੱਜ ਨੂੰ ਨਿਯੁਕਤ ਕੀਤਾ ਜਾਵੇ।
image