ਰਣਜੀਤ ਸਿੰਘ ਕਤਲਕਾਂਡ : ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਲੋਂ ਸੌਦਾ ਸਾਧ ਦੋਸ਼ੀ ਕਰਾਰ
ਸਾਰੇ ਦੋਸ਼ੀਆਂ ਨੂੰ 12 ਅਕਤੂਬਰ ਨੂੰ ਸਜ਼ਾ ਸੁਣਾਈ ਜਾਵੇਗੀ
ਚੰਡੀਗੜ੍ਹ, 8 ਅਕਤੂਬਰ : ਪੰਚਕੂਲਾ ਵਿਚ ਸੀਬੀਆਈ ਦੀ ਇਕ ਵਿਸ਼ੇਸ਼ ਅਦਾਲਤ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸਾਬਕਾ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੀ 2002 ਵਿਚ ਕੀਤੇ ਕਤਲ ਦੇ ਮਾਮਲੇ ਵਿਚ ਸ਼ੁਕਰਵਾਰ ਨੂੰ ਦੋਸ਼ੀ ਕਰਾਰ ਦਿਤਾ ਹੈ | ਸੌਦਾ ਸਾਧ ਨੇ ਅਪਣੇ ਦੋ ਚੇਲਿਆਂ ਨਾਲ ਬਲਾਤਕਾਰ ਦੇ ਮਾਮਲੇ ਵਿਚ 2017 ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਜੇਲ ਵਿਚ ਬੰਦ ਹੈ | ਰਣਜੀਤ ਸਿੰਘ ਕਤਲਕਾਂਡ ਮਾਮਲੇ 'ਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਸ਼ੁਕਰਵਾਰ ਨੂੰ ਡੇਰਾ ਮੁਖੀ ਰਾਮ ਰਹੀਮ ਸਮੇਤ 5 ਆਰੋਪੀਆਂ ਨੂੰ ਦੋਸ਼ੀ ਕਰਾਰ ਦਿਤਾ ਹੈ | ਸਾਰੇ ਦੋਸ਼ੀਆਂ ਨੂੰ 12 ਅਕਤੂਬਰ ਨੂੰ ਸਜ਼ਾ ਸੁਣਾਈ ਜਾਵੇਗੀ | ਸ਼ੁਕਰਵਾਰ ਨੂੰ ਮਾਮਲੇ 'ਚ ਦੋਸ਼ੀ ਗੁਰਮੀਤ ਰਾਮ ਰਹੀਮ ਅਤੇ ਕਿ੍ਸ਼ਨ ਕੁਮਾਰ ਵੀਡੀਉ ਕਾਨਫ਼ਰੰਸ ਰਾਹੀਂ ਪੇਸ਼ ਹੋਏ | ਉੱਥੇ ਹੀ ਦੋਸ਼ੀ ਅਵਤਾਰ, ਜਸਵੀਰ ਅਤੇ ਸਬਦਿਲ ਸਿੱਧੇ ਰੂਪ ਨਾਲ ਕੋਰਟ 'ਚ ਪੇਸ਼ ਹੋਏ |
ਇਸ ਮਾਮਲੇ 'ਚ ਸ਼ੁਕਰਵਾਰ ਨੂੰ ਹੋਈ ਸੁਣਵਾਈ ਦੌਰਾਨ ਸਾਰੇ ਆਰੋਪੀਆਂ ਨੂੰ ਦੋਸ਼ੀ ਕਰਾਰ ਦਿਤਾ ਗਿਆ | ਅਦਾਲਤ ਨੇ ਇਸ ਮਾਮਲੇ 'ਚ ਪਹਿਲੇ ਫ਼ੈਸਲਾ 26 ਅਗੱਸਤ ਨੂੰ ਸੁਣਾਉਣਾ ਸੀ | ਇਸਤਗਾਸਾ ਪੱਖ ਦੇ ਵਕੀਲ ਐੱਚ.ਪੀ.ਐੱਸ. ਵਰਮਾ ਨੇ ਦਸਿਆ ਕਿ 19 ਸਾਲ ਪੁਰਾਣੇ ਇਸ ਮਾਮਲੇ 'ਚ ਬੀਤੀ 12 ਅਗੱਸਤ ਨੂੰ ਬਚਾਅ ਪੱਖ ਦੀ ਅੰਤਮ ਬਹਿਸ ਪੂਰੀ ਹੋ ਗਈ ਸੀ | ਸੀ.ਬੀ.ਆਈ. ਜੱਜ ਡਾ. ਸੁਸ਼ੀਲ ਕੁਮਾਰ ਗਰਗ ਦੀ ਅਦਾਲਤ 'ਚ ਕਰੀਬ ਢਾਈ ਘੰਟੇ ਬਹਿਸ ਤੋਂ ਬਾਅਦ ਆਰੋਪੀਆਂ ਨੂੰ ਦੋਸ਼ੀ ਕਰਾਰ ਦਿਤਾ ਗਿਆ |
ਦੱਸਣਯੋਗ ਹੈ ਕਿ 10 ਜੁਲਾਈ 2002 ਨੂੰ ਡੇਰੇ ਦੀ ਪ੍ਰਬੰਧਨ ਕਮੇਟੀ ਦੇ ਮੈਂਬਰ ਰਹੇ ਕੁਰੂਕੁਸ਼ੇਤਰ ਦੇ ਰਣਜੀਤ ਸਿੰਘ ਦਾ ਕਤਲ ਹੋਇਆ ਸੀ | ਡੇਰਾ ਪ੍ਰਬੰਧਨ ਨੂੰ ਸ਼ੱਕ ਸੀ ਕਿ ਰਣਜੀਤ ਸਿੰਘ ਨੇ ਸਾਧਣੀ ਜਿਨਸੀ ਸ਼ੋਸ਼ਣ ਦੀ ਗੁੰਮਨਾਮ ਚਿੱਠੀ ਅਪਣੀ ਭੈਣ ਤੋਂ ਹੀ ਲਿਖਵਾਈ ਸੀ | ਪੁਲਿਸ ਜਾਂਚ ਤੋਂ ਅਸੰਤੁਸ਼ਟ ਰਣਜੀਤ ਦੇ ਪਿਤਾ ਨੇ ਜਨਵਰੀ 2003 'ਚ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰ ਕੇ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਸੀ | ਸੀ.ਬੀ.ਆਈ. ਨੇ ਮਾਮਲੇ ਦੀ ਜਾਂਚ ਕਰਦੇ ਹੋਏ ਦੋਸ਼ੀਆਂ 'ਤੇ ਮਾਮਲਾ ਦਰਜ ਕੀਤਾ ਸੀ | 2007 'ਚ ਕੋਰਟ ਨੇ ਦੋਸ਼ੀਆਂ 'ਤੇ ਚਾਰਜ ਫਰੇਮ ਕੀਤੇ ਸਨ | ਯਾਦ ਰਹੇ ਕਿ ਰਾਮ ਰਹੀਮ ਨੂੰ ਸਾਧਣੀਆਂ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਪਹਿਲਾਂ ਹੀ 20 ਸਾਲ ਦੀ ਸਜ਼ਾ ਹੋ ਚੁਕੀ ਹੈ ਅਤੇ ਪੱਤਰਕਾਰ ਰਾਮਚੰਦਰ ਛੱਤਰਪਤੀ ਕਤਲਕਾਂਡ 'ਚ ਉਹ ਉਮਰ ਕੈਦ ਦੀ ਸਜ਼ਾ ਸੁਨਾਰੀਆ ਜੇਲ 'ਚ ਕੱਟ ਰਿਹਾ ਹੈ | (ਏਜੰਸੀ)