
ਮੁੱਖ ਮੰਤਰੀ ਤੇ ਖੇਤੀ ਮੰਤਰੀ ਦੇ ਭਰੋਸੇ ਦੇ ਬਾਵਜੂਦ ਪਰਾਲੀ ਸਾੜਣ ਵਾਲੇ ਕਿਸਾਨਾਂ 'ਤੇ ਹੋ ਰਹੀ ਹੈ ਕਾਰਵਾਈ
ਚੰਡੀਗੜ੍ਹ, 8 ਅਕਤੂਬਰ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਵਲੋਂ ਬੀਤੇ ਦਿਨ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਵਿਚ ਪਰਾਲੀ ਸਾੜਨ ਦੇ ਮਾਮਲਿਆਂ ਵਿਚ ਕਿਸਾਨਾਂ ਉਪਰ ਕੋਈ ਕਾਰਵਾਈ ਨਾ ਕਰਨ ਦੇ ਦਿਤੇ ਭਰੋਸੇ ਦੇ ਬਾਵਜੂਦ ਮਾਲ ਮਹਿਕਮੇ ਨੇ ਕਿਸਾਨਾਂ ਦੇ ਮਾਲ ਰੀਕਾਰਡ ਵਿਚ ਲਾਲ ਲਕੀਰ ਮਾਰਨੀ ਸ਼ੁਰੂ ਕਰ ਦਿਤੀ ਹੈ |
ਜ਼ਿਕਰਯੋਗ ਹੈ ਕਿ ਇਕ ਮਹੀਨਾ ਪਹਿਲਾਂ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਰੀਕਾਰਡ ਵਿਚ ਲਾਲ ਲਕੀਰ ਮਾਰਨ ਦੀ ਹਦਾਇਤ ਕੀਤੀ ਸੀ | ਪਰ ਕਿਸਾਨ ਜਥੇਬੰਦੀਆਂ ਦੀ ਪ੍ਰਤੀਕਿਰਿਆ ਬਾਅਦ ਖੇਤੀ ਮੰਤਰੀ ਨੇ ਕਿਸਾਨਾਂ ਵਿਰੁਧ ਅਜਿਹੀ ਕੋਈ ਕਾਰਵਾਈ ਨਾ ਕਰਨ ਅਤੇ
ਉਨ੍ਹਾਂ ਜਾਗਰੂਕ ਕਰ ਕੇ ਹੀ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਦੀ ਗੱਲ ਆਖੀ ਸੀ ਪਰ ਹੁਣ ਮੁੱਖ ਮੰਤਰੀ ਦੇ ਭਰੋਸੇ ਦੇ ਬਾਅਦ ਵੀ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਅਪਣੀ ਕਾਰਵਾਈ ਕਈ ਥਾਈਾ ਸ਼ੁਰੂ ਕਰ ਦਿਤੀ ਹੈ | ਵਿਭਾਗ ਵਲੋਂ ਸੈਟੇਲਾਈਟ ਸਿਸਟਮ ਰਾਹੀਂ ਪਰਾਲੀ ਜਲਾਉਣ ਦੇ ਮਾਮਲਿਆਂ ਉਪਰ ਨਜ਼ਰ ਰੱਖ ਕੇ ਕੇਸ ਦਰਜ ਕੀਤੇ ਜਾ ਰਹੇ ਹਨ ਅਤੇ ਇਸ ਦੇ ਆਧਾਰ 'ਤੇ ਹੀ ਮਾਲ ਵਿਭਾਗ ਵਲੋਂ ਕਿਸਾਨ ਦੇ ਰੀਕਾਰਡ ਵਿਚ ਲਾਲ ਲੀਕਰ ਮਾਰੀ ਜਾਂਦੀ ਹੈ | ਇਹ ਲਕੀਰ ਵੱਜਣ ਨਾਲ ਕਿਸਾਨ ਅਪਣੀ ਜ਼ਮੀਨ ਵੇਚ ਨਹੀਂ ਸਕੇਗਾ ਅਤੇ ਨਾ ਹੀ ਬੈਂਕ ਤੋਂ ਕਰਜ਼ਾ ਲੈ ਸਕੇਗਾ | ਕਿਸਾਨ ਜਥੇਬੰਦੀਆਂ ਤੋਂ ਪਰਾਲੀ ਨਾ ਸਾੜਨ ਲਈ ਢੁਕਵੇਂ ਮੁਆਵਜ਼ੇ ਦੀ ਮੰਗ ਕਰ ਰਹੀਆਂ ਹਨ ਪਰ ਹਾਲੇ ਤਕ ਕੋਈ ਮੁਆਵਜ਼ਾ ਨਹੀਂ ਦਿਤਾ ਜਾ ਰਿਹਾ | ਇਸ ਕਾਰਨ ਕਿਸਾਨ ਜਥੇਬੰਦੀਆਂ ਨੇ ਮਜਬੂਰੀ ਵਿਚ ਪਰਾਲੀ ਸਾੜਨ ਦਾ ਐਲਾਨ ਕੀਤਾ ਹੋਇਆ ਹੈ ਜਿਸ ਕਾਰਨ ਕਿਸਾਨ ਪਰਾਲੀ ਸਾੜ ਰਹੇ ਹਨ |
ਮਿਲੀ ਜਾਣਕਾਰੀ ਮੁਤਾਬਕ ਹੁਣ ਤਕਪੰਜਾਬ ਸਰਕਾਰ ਨੇ ਸੈਟੇਲਾਈਟ ਸਿਸਟਮ ਰਾਹੀਂ ਪਰਾਲੀ ਸਾੜਨ ਵਾਲੇ 200 ਤੋਂ ਵੱਧ ਕਿਸਾਨਾਂ ਵਿਰੁਧ ਮਾਮਲੇ ਦਰਜ ਕੀਤੇ ਹਨ | ਹਾਲੇ ਇਸ ਵਿਚੋਂ ਭਾਵੇਂ ਥੋੜ੍ਹੇ ਹੀ ਕਿਸਾਨਾਂ ਦੇ ਰੀਕਾਰਡ ਵਿਚ ਲਾਲ ਲਕੀਰ ਮਾਰੀ ਗਈ ਹੈ ਪਰ ਕਾਰਵਾਈ ਅੱਗੇ ਵਧਣ ਨਾਲ ਕਿਸਾਨਾਂ ਅਤੇ ਸਰਕਾਰ ਵਿਚ ਟਕਰਾਅ ਦੀ ਸਥਿਤੀ ਆਉਣ ਵਾਲੇ ਦਿਨਾਂ ਵਿਚ ਬਣ ਸਕਦੀ ਹੈ |
ਡੱਬੀ
ਖਹਿਰਾ ਤੇ ਸਿਰਸਾ ਨੇ ਸਰਕਾਰ ਦੀ ਕਾਰਵਾਈ 'ਤੇ ਸਵਾਲ ਚੁਕੇ
ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਵੀ ਸਰਕਾਰ ਦੇ ਮਾਲ ਵਿਭਾਗ ਵਲੋਂ ਕਿਸਾਨਾਂ ਦੇ ਰੀਕਾਰਡ ਵਿਚ ਲਾਲ ਲਕੀਰ ਮਾਰਨ ਦੀ ਕਾਰਵਾਈ ਉਪਰ ਸਵਾਲ ਚੁਕਣੇ ਸ਼ੁਰੂ ਕਰ ਦਿਤੇ ਹਨ | ਕਿਸਾਨ ਕਾਂਗਰਸ ਦੇ ਆਗੂ ਤੇ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਪਰਾਲੀ ਦੇ ਹੱਲ ਲਈ 1500 ਰੁਪਏ ਪ੍ਰਤੀ ਏਕੜ ਮੁਆਵਜ਼ੇ ਦਾ ਵਾਅਦਾ ਪੂਰਾ ਕਰਨ ਦੀ ਥਾਂ ਉਲਟਾ ਉਨ੍ਹਾਂ ਨੂੰ ਸਜ਼ਾ ਦੇਣ ਦੇ ਰਾਹ ਤੁਰ ਪਈ ਹੈ | ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਕਾਰਨ ਖ਼ੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ | ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਟਵੀਟ ਕਰ ਕੇ ਕਿਸਾਨਾਂ ਦੇ ਰੀਕਾਰਡ ਵਿਚ ਲਾਲ ਲਕੀਰ ਦੀ ਕਾਰਵਾਈ 'ਤੇ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਕਿਸਾਨਾਂ ਨਾਲ ਅਜਿਹਾ ਕਰ ਕੇ ਸਰਕਾਰ ਪਾਪ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਜ਼ਮੀਨ ਵਿਚ ਲਾਲ ਲਕੀਰ ਫਿਰਨ ਨਾਲ ਉਹ ਕਿਸੇ ਪਾਸੇ ਦੇ ਨਹੀਂ ਰਹਿਣੇ ਕਿਉਂਕਿ ਨਾ ਜ਼ਮੀਨ ਵੇਚ ਸਕਣਗੇ ਅਤੇ ਨਾ ਹੀ ਕਰਜ਼ਾ ਮਿਲੇਗਾ | ਇਸ ਤੋਂ ਇਲਾਵਾ ਲਾਲ ਲਕੀਰ ਮਿਟਾਉਣਾ ਵੀ ਆਸਾਨ ਨਹੀਂ ਹੋਵੇਗਾ |