
ਮੋਰਚਾ ਪਿਛਲੇ 10 ਮਹੀਨਿਆਂ ਤੋਂ ਲਗਾਤਾਰ ਜਾਰੀ ਹੈ ਪਰ ਹੁਣ ਇਸ ਮੋਰਚੇ 'ਚ ਵੀ ਆਪਸੀ ਵਿਵਾਦ ਪੈਦਾ ਹੋ ਰਹੇ ਹਨ
ਫਰੀਦਕੋਟ : ਬੇਅਦਬੀ ਮਾਮਲਿਆਂ 'ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਜਿਸ ਦੌਰਾਨ ਕਈ ਤਰ੍ਹਾਂ ਦੇ ਮੋਰਚੇ ਵੀ ਲਗਾਏ ਗਏ ਤੇ ਇਸ ਵਿਚ ਬਰਗਾੜੀ ਦਾ ਮੋਰਚਾ ਅਹਿਮ ਮੰਨਿਆ ਜਾ ਰਿਹਾ ਜੋ ਕਰੀਬ ਛੇ ਮਹੀਨੇ ਚੱਲਿਆ ਸੀ। ਜਿਸ ਨੂੰ ਪੰਜਾਬ ਸਰਕਾਰ ਦੇ ਮੰਤਰੀਆਂ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਖ਼ਤਮ ਕਰਵਾਇਆ ਗਿਆ ਸੀ ਪਰ ਇਸ ਮੋਰਚੇ ਦੌਰਾਨ ਵੀ ਸਿੱਖ ਜਥੇਬੰਦੀਆਂ 'ਚ ਆਪਸੀ ਵਿਵਾਦ ਪੈਦਾ ਹੋ ਗਏ ਸਨ। ਸੱਤ ਸਾਲ ਬਾਅਦ ਵੀ ਬੇਅਦਬੀ ਮਾਮਲਿਆਂ, ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਇਨਸਾਫ਼ ਨਾ ਮਿਲਣ ਕਰ ਕੇ ਦੋ ਸਿੱਖ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਸਰਾਵਾਂ ਦੇ ਪਰਿਵਾਰਕ ਮੈਬਰਾਂ ਵੱਲੋਂ ਬਹਿਬਲ ਘਟਨਾਕ੍ਰਮ ਵਾਲੀ ਜਗ੍ਹਾ 'ਤੇ ਇਨਸਾਫ਼ ਮੋਰਚੇ ਦੀ ਸ਼ੁਰੂਆਤ ਕੀਤੀ ਸੀ।
ਜੋ ਕਿ ਪਿਛਲੇ 10 ਮਹੀਨਿਆਂ ਤੋਂ ਲਗਾਤਾਰ ਜਾਰੀ ਹੈ ਪਰ ਹੁਣ ਇਸ ਮੋਰਚੇ 'ਚ ਵੀ ਆਪਸੀ ਵਿਵਾਦ ਪੈਦਾ ਹੋ ਰਹੇ ਹਨ। ਦਰਅਸਲ ਬਹਿਬਲ ਕਲਾਂ ਗੋਲੀਕਾਂਡ 'ਚ ਮਰਨ ਵਾਲੇ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਨੇ ਆਪਣੇ ਆਪ ਨੂੰ ਮੋਰਚੇ ਤੋਂ ਵੱਖ ਕਰਨ ਦਾ ਫ਼ੈਸਲਾ ਕੀਤਾ। ਇਸ ਮੌਕੇ ਸਾਧੂ ਸਿੰਘ ਨੇ ਮੋਰਚੇ ਨੂੰ ਲੈ ਕੇ ਨਰਾਜ਼ਗੀ ਦਿਖਾਉਂਦਿਆਂ ਕਿਹਾ ਕਿ ਇਨਸਾਫ਼ ਮੋਰਚੇ ਦੌਰਾਨ ਹੋ ਰਹੀਆਂ ਗਤੀਵਿਧੀਆਂ ਜਾਂ ਪ੍ਰੋਗਰਾਮਾਂ ਨੂੰ ਮਿਥਨ ਲਈ ਮੋਰਚੇ ਨੂੰ ਚਲਾਉਣ ਵਾਲੇ ਸੁਖਰਾਜ ਸਿੰਘ ਵੱਲੋਂ ਖ਼ੁਦ ਹੀ ਸਾਰੇ ਫ਼ੈਸਲੇ ਲਏ ਜਾ ਰਹੇ ਹਨ।
ਕਿਸੇ ਵੀ ਫ਼ੈਸਲੇ ਸਬੰਧੀ ਜਾਂ ਪ੍ਰੋਗਰਾਮ ਸਬੰਧੀ ਉਨ੍ਹਾਂ ਦੀ ਕੋਈ ਰਾਏ ਨਹੀਂ ਲਈ ਜਾਂਦੀ ਨਾ ਹੀ ਮੋਰਚੇ 'ਚ ਉਨ੍ਹਾਂ ਦੀ ਕੋਈ ਪੁੱਛ-ਪੜਤਾਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਜਾਂਚ ਲਈ ਮੰਗੇ 6 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਸੀ ਤਾਂ ਜੋ ਸਰਕਾਰ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਮਿਲਦੀ ਰਹੇ ਅਤੇ ਉਨ੍ਹਾਂ ਨਾਲ ਸੰਪਰਕ ਬਣਿਆ ਰਹੇ। ਹੁਣ ਅਜਿਹਾ ਲੱਗ ਰਿਹਾ ਹੈ ਕਿ ਸਰਕਾਰ ਨੂੰ ਸਮਾਂ ਦੇ ਕੇ ਉਨ੍ਹਾਂ ਨਾਲ ਪੂਰੀ ਤਰ੍ਹਾਂ ਸੰਪਰਕ ਟੁੱਟ ਗਿਆ ਹੈ।
14 ਅਕਤੂਬਰ ਨੂੰ ਮੋਰਚੇ ਵਾਲੀ ਜਗ੍ਹਾ 'ਤੇ ਕਰਵਾਏ ਜਾਣ ਵਾਲੇ ਸਮਾਗਮਾਂ ਸਬੰਧੀ ਉਨ੍ਹਾਂ ਕਿਹਾ ਕਿ ਉਹ 14 ਤਾਰੀਖ ਵਾਲੇ ਸਮਾਗਮ 'ਚ ਮੋਰਚੇ ਵਾਲੀ ਜਗ੍ਹਾ 'ਤੇ ਹਿੱਸਾ ਨਹੀਂ ਲੈਣਗੇ ਬਲਕਿ ਉਸ ਦਿਨ ਆਪਣੇ ਪੁੱਤਰ ਦੀ ਸ਼ਹੀਦੀ ਸਮਾਗਮ ਸਬੰਧੀ ਘਰ ਹੀ ਪਾਠ ਦਾ ਭੋਗ ਪਾਉਣਗੇ। ਉਨ੍ਹਾਂ ਕਿਹਾ ਕਿ ਮੈਂ ਇਸ ਉਮਰ 'ਚ ਮੋਰਚੇ ਦੀਆਂ ਕਾਰਵਾਈਆਂ 'ਚ ਹਿੱਸਾ ਨਹੀਂ ਲਵਾਂਗਾ ਨਾ ਹੀ ਇਸ ਮੋਰਚੇ ਦਾ ਕੋਈ ਵਿਰੋਧ ਕਰਦਾ ਹਾਂ । ਜਿਸ ਨੇ ਮੋਰਚੇ 'ਚ ਹਾਜ਼ਰੀ ਲਗਵਾਉਣੀ ਹੈ ਲਗਾ ਸਕਦਾ ਹੈ ਪਰ ਉਹ ਮੋਰਚੇ 'ਚ ਸ਼ਾਮਲ ਨਹੀਂ ਹੋਣਗੇ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸੜਕਾਂ 'ਤੇ ਬੈਠ ਕੇ ਜਾਂ ਸੜਕ ਜਾਮ ਕਰਨ ਨਾਲ ਸਿਰਫ਼ ਆਮ ਪਬਲਿਕ ਹੀ ਪ੍ਰੇਸ਼ਾਨ ਹੁੰਦੀ ਹੈ ਅਤੇ ਇਸ ਨਾਲ ਸਰਕਾਰਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਸਾਧੂ ਸਿੰਘ ਨੇ ਕਿਹਾ ਕਿ ਇਹ ਤਾਂ ਸਰਕਾਰਾਂ 'ਤੇ ਨਿਰਭਰ ਕਰਦਾ ਹੈ ਕੇ ਓਹ ਇਨਸਾਫ਼ ਦਿਵਾਉਂਦੀ ਹੈ ਜਾਂ ਨਹੀ। ਉਨ੍ਹਾਂ ਕਿਹਾ ਕਿ ਜੇਕਰ ਮੋਰਚੇ 'ਚ ਉਨ੍ਹਾਂ ਦੀ ਪੁੱਛ-ਪੜਤਾਲ ਹੀ ਨਹੀਂ ਤਾਂ ਉਹ ਉਸ 'ਚ ਸ਼ਾਮਲ ਹੋ ਕੇ ਕੀ ਕਰਨਗੇ। ਜਿੱਥੇ ਕੋਈ ਕਦਰ ਨਹੀਂ ਅਤੇ ਸਿਰਫ਼ ਬੈਠ ਕੇ ਮੁੜਨਾ ਪਵੇ, ਉੱਥੇ ਜਾਣ ਦਾ ਕੋਈ ਫਾਇਦਾ ਨਹੀਂ। ਕਦਰ ਨਹੀਂ ਸਿਰਫ਼ ਬੈਠ ਕੇ ਮੁੜਨਾ ਉਨ੍ਹਾਂ ਨੂੰ ਮਨਜ਼ੂਰ ਨਹੀਂ।