
ਕਥਿਤ ਦੋਸ਼ੀ ਮਨਜਿੰਦਰ ਸਿੰਘ ਦੇ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ
ਦੋਦਾ: ਪਿੰਡ ਕੋਟਲੀ ਅਬਲੂ ਵਿਚ ਬੀਤੀ ਦੇਰ ਆਮ ਨਸ਼ੇ ਦੇ ਆਦੀ ਇੱਕ ਨੌਜਵਾਨ ਨੇ ਇੱਟ ਮਾਰ ਕੇ ਆਪਣੇ ਪਿਤਾ ਬਲਦੇਵ ਸਿੰਘ 60 ਦੀ ਹੱਤਿਆ ਕਰ ਦਿੱਤੀ। ਡੀਐੱਸਪੀ ਗਿੱਦੜਬਾਹਾ ਜਸਬੀਰ ਸਿੰਘ ਤੇ ਥਾਣਾ ਕੋਟਭਾਈ ਦੇ ਮੁਖੀ ਰਮਨ ਕੰਬੋਜ ਨੇ ਪੁਲਿਸ ਪਾਰਟੀ ਸਣੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਮਨਜਿੰਦਰ ਲੰਬੇ ਸਮੇਂ ਤੋਂ ਨਸ਼ੇ ਕਰਨ ਦਾ ਆਦੀ ਹੈ ਅਤੇ ਆਪਣੇ ਪਿਤਾ ਤੇ ਆਪਣਾ ਵਿਆਹ ਕਰਵਾਉਣ ਲਈ ਦਬਾਅ ਪਾਉਂਦਾ ਸੀ। ਇਸ ਝਗੜੇ ਕਾਰਨ ਉਸ ਨੇ ਇੱਟ ਮਾਰ ਕੇ ਆਪਣੇ ਪਿਤਾ ਦੀ ਹੱਤਿਆ ਕਰ ਦਿੱਤੀ।
ਮ੍ਰਿਤਕ ਦੇ ਭਤੀਜੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਕੁਲਵੰਤ ਸਿੰਘ ਦੀ ਕਰੀਬ 38 ਸਾਲ ਪਹਿਲਾਂ ਮੌਤ ਹੋ ਗਈ ਸੀ। ਪਿਤਾ ਦੀ ਮੌਤ ਤੋਂ ਬਾਅਦ ਰਿਸ਼ਤੇਦਾਰਾਂ ਵੱਲੋਂ ਉਸ ਦੀ ਮਾਤਾ ਮਨਜੀਤ ਕੌਰ ਦਾ ਵਿਆਹ ਉਸ ਦੇ ਚਾਚਾ ਬਲਦੇਵ ਸਿੰਘ (62) ਪੁੱਤਰ ਅਜੈਬ ਸਿੰਘ ਵਾਸੀ ਪਿੰਡ ਕੋਟਲੀ ਅਬਲੂ ਨਾਲ ਕਰ ਦਿੱਤਾ ਗਿਆ ਸੀ। ਇਸ ਵਿਆਹ ਤੋਂ ਉਸ ਦੀ ਮਾਤਾ ਦੇ ਇਕ ਲੜਕਾ ਮਨਜਿੰਦਰ ਸਿੰਘ ਪੈਦਾ ਹੋਇਆ, ਜਿਸ ਦੀ ਉਮਰ 32 ਸਾਲ ਦੇ ਕਰੀਬ ਹੈ ਅਤੇ ਉਹ ਅਜੇ ਕੁਆਰਾ ਹੈ।
ਉਸ ਨੇ ਦੱਸਿਆ ਮਨਜਿੰਦਰ ਸਿੰਘ ਦੀ ਉਮਰ ਜ਼ਿਆਦਾ ਹੋਣ ਕਰ ਕੇ ਉਹ ਆਪਣੇ ਪਿਤਾ ਬਲਦੇਵ ਸਿੰਘ ’ਤੇ ਵਾਰ-ਵਾਰ ਆਪਣਾ ਵਿਆਹ ਕਰਨ ਲਈ ਦਬਾਓ ਪਾਉਂਦਾ ਸੀ, ਜਦੋਂਕਿ ਬਲਦੇਵ ਸਿੰਘ ਮਨਜਿੰਦਰ ਸਿੰਘ ਦੇ ਵਿਆਹ ਬਾਰੇ ਕੋਈ ਗੌਰ ਨਹੀਂ ਕਰ ਰਿਹਾ ਸੀ। ਇਸੇ ਵਜ੍ਹਾ ਕਰ ਕੇ ਅਕਸਰ ਘਰ ਵਿਚ ਲੜਾਈ ਝਗੜਾ ਰਹਿੰਦਾ ਸੀ।
ਉਸ ਨੇ ਦੱਸਿਆ ਕਿ ਬੀਤੇ ਦਿਨ ਰਾਤ ਕਰੀਬ 10:30 ਵਜੇ ਅਚਾਨਕ ਰੌਲਾ ਪੈਣ ਦੀਆਂ ਅਵਾਜ਼ਾਂ ਸੁਣਾਈ ਦਿੱਤੀਆਂ। ਮੈਂ ਮੌਕੇ ’ਤੇ ਜਾ ਕੇ ਦੇਖਿਆ ਕਿ ਮਨਜਿੰਦਰ ਸਿੰਘ ਆਪਣੇ ਪਿਤਾ ਬਲਦੇਵ ਸਿੰਘ ਦੇ ਸਿਰ ’ਤੇ ਇੱਟ ਨਾਲ ਵਾਰ ਕਰ ਰਿਹਾ ਸੀ। ਜਦੋਂ ਮੈਂ ਮਨਜਿੰਦਰ ਸਿੰਘ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਹ ਘਬਰਾ ਗਿਆ ਅਤੇ ਮੌਕੇ ਤੋਂ ਭੱਜ ਗਿਆ। ਮੈਂ ਚਾਚਾ ਬਲਦੇਵ ਸਿੰਘ ਨੂੰ ਹਿਲਾ ਕੇ ਦੇਖਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ।
ਇਸ ਸਬੰਧੀ ਥਾਣਾ ਕੋਟਭਾਈ ਦੇ ਐੱਸ.ਐੱਚ.ਓ. ਰਮਨ ਕੁਮਾਰ ਕੰਬੋਜ ਨੇ ਦੱਸਿਆ ਕਿ ਮ੍ਰਿਤਕ ਬਲਦੇਵ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਪਹੁੰਚਾ ਦਿੱਤਾ ਗਿਆ ਹੈ। ਕਥਿਤ ਦੋਸ਼ੀ ਮਨਜਿੰਦਰ ਸਿੰਘ ਦੇ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਜਲਦੀ ਹੀ ਦੋਸ਼ੀ ਮਨਜਿੰਦਰ ਸਿੰਘ ਨੂੰ ਕਾਬੂ ਕਰ ਲਿਆ ਜਾਵੇਗਾ।