
ਕਿਹਾ- ਜਿੱਥੇ ਵੀ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ’ਤੇ ਸਵਾਲ ਖੜੇ ਕੀਤੇ ਗਏ ਉਥੇ ਚੋਣ ’ਤੇ ਲਗਾਈ ਜਾਂਦੀ ਹੈ
Panchayat Elections : ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਦੌਰਾਨ ਵੱਡੀ ਗਿਣਤੀ ’ਚ ਉਮੀਦਵਾਰਾਂ ਦੇ ਫ਼ਾਰਮ ਨਾਮਨਜ਼ੂਰ ਕਰਨ ਦੇ ਮਾਮਲੇ ’ਤੇ ਹਾਈ ਕੋਰਟ ਨੇ ਨਾਰਾਜ਼ਗੀ ਪ੍ਰਗਟਾਈ ਹੈ। ਭਵਾਨੀਗੜ੍ਹ ਬਲਾਕ ਦੇ ਪਿੰਡ ਘਰਾਚੋਂ ਦੇ ਅਧਿਕਾਰੀ ’ਤੇ ਆਰੋਪ ਲੱਗੇ ਸਨ ਕਿ ਉਸ ਨੇ ਸੂਬੇ ’ਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿਤੇ ਸਨ। ਅਦਾਲਤ ਨੇ ਇਸ ਨੂੰ ‘ਅੱਖਾਂ ਖੋਲ੍ਹਣ ਵਾਲਾ ਕੇਸ’ ਕਰਾਰ ਦਿਤਾ।
ਅਦਾਲਤ ਨੇ ਕਿਹਾ, ‘‘ਜੇਕਰ ਤੁਸੀਂ ਗ਼ਲਤ ਹੋਏ ਤਾਂ ਤੁਹਾਡੇ ਵਿਰੁਧ ਫ਼ੌਜਦਾਰੀ ਕੇਸ ਦਰਜ ਕਰਾਵਾਂਗੇ।’’ ਹਾਈ ਕੋਰਟ ਨੇ ਅਧਿਕਾਰੀ ਤੋਂ ਪੁਛਿਆ ਕਿ ਕੀ ਉਮੀਦਵਾਰਾਂ ਦੇ ਫ਼ਾਰਮ ਨਾਮਨਜ਼ੂਰ ਕਰਨ ਤੋਂ ਪਹਿਲਾਂ ਉਮੀਦਵਾਰਾਂ ਨੂੰ ਦੱਸਿਆ ਸੀ? ਅਦਾਲਤ ਨੇ ਅਧਿਕਾਰੀ ਤੋਂ ਉਮੀਦਵਾਰ ਨੂੰ ਕੀਤੀ ਕਾਲ ਵਿਖਾਉਣ ਲਈ ਕਿਹਾ।
ਅਦਾਲਤ ’ਚ ਅਪੀਲ ਕਰਨ ਵਾਲੇ ਇਕ ਉਮੀਦਵਾਰ ਨੇ ਕਿਹਾ ਕਿ ਉਸ ਨੂੰ ਚੋਣ ਨਿਸ਼ਾਨ ਵੀ ਦੇ ਦਿਤਾ ਗਿਆ ਸੀ ਪਰ ਫਿਰ ਵੀ ਕਿਸੇ ਹੋਰ ਨੂੰ ਜੇਤੂ ਐਲਾਨ ਦਿਤਾ ਗਿਆ। ਪਟੀਸ਼ਨਕਰਤਾ ਨੇ ਕਿਹਾ ਕਿ ਕਈ ਪਿੰਡਾਂ ’ਚ ‘ਆਪ’ ਉਮੀਦਵਾਰ ਨੂੰ ਛੱਡ ਕੇ ਬਾਕੀ ਸਾਰੀਆਂ ਦੀਆਂ ਨਾਮਜ਼ਦਗੀਆਂ ਰੱਦ ਕਰ ਦਿਤੀਆਂ ਗਈਆਂ। ਕਈਆਂ ਨੂੰ ਨਾਮਜ਼ਦਗੀ ਦਾਖ਼ਲ ਹੀ ਨਹੀਂ ਕਰਨ ਦਿੱਤੇ ਗਏ। ਪਟੀਸ਼ਨਕਰਤਾ ਨੇ ਮੁੱਖ ਮੰਤਰੀ ਦੇ ਓ.ਐਸ.ਡੀ. ਦੇ ਪਿੰਡ ਘਰਾਚੋਂ ਅਤੇ ‘ਆਪ’ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵਿਧਾਇਕ ਦੀ ਵੀਡੀਉ ਵੀ ਅਦਾਲਤ ਸਾਹਮਣੇ ਪੇਸ਼ ਕੀਤੀ।
ਇਸ ਬਾਰੇ ਜਦੋਂ ਸਰਕਾਰੀ ਕਵੀਲ ਨੂੰ ਅਦਾਲਤ ਨੇ ਸਵਾਲ ਕੀਤਾ ਤਾਂ ਉਸ ਨੇ ਕਿਹਾ ਕਿ ਇਕ-ਦੋ ਘਟਨਾਵਾਂ ਦੇ ਮੱਦੇਨਜ਼ਰ ਪੂਰੀ ਚੋਣ ਪ੍ਰਕਿਰਿਆ ਰੱਦ ਨਹੀਂ ਕੀਤੀ ਜਾਣੀ ਚਾਹੀਦੀ।
ਅਦਾਲਤ ਨੇ ਕਿਹਾ ਕਿ ਅਜਿਹੇ 200 ਤੋਂ ਵੱਧ ਕੇਸ ਆਏ ਹਨ। ਅਦਾਲਤ ਨੇ ਹਰ ਕੇਸ ਦਾ ਵੇਰਵਾ ਮੰਗਿਆ ਹੈ। ਅਦਾਲਤ ਨੇ ਅਪਣੀ ਟਿਪਣੀ ’ਚ ਕਿਹਾ, ‘‘ਸਾਡੇ ਪਿੰਡਾਂ ਦੀ ਵੱਸੋਂ ਅਜਿਹੀ ਨਹੀਂ ਹੈ ਜੋ ਚੋਣ ਲੜਨ ਲਈ ਅੱਗੇ ਹੀ ਨਾ ਆਵੇ। ਸੰਗਰੂਰ ਅਤੇ ਪਟਿਆਲਾ ’ਚ ਵੇਖੋ, ਕਿੰਨੀਆਂ ਥਾਵਾਂ ’ਤੇ ਸਰਬਸੰਮਤੀ ਨਾਲ ਚੁਣੇ ਉਮੀਦਵਾਰਾਂ ਦੀ ਜਿੱਤ ’ਤੇ ਸਵਾਲ ਖੜੇ ਕੀਤੇ ਗਏ ਹਨ।’’ ਅਦਾਲਤ ਨੇ ਕਿਹਾ, ‘‘ਇਹ ਇਕ ਅੱਖਾਂ ਖੋਲ੍ਹਣ ਵਾਲਾ ਕੇਸ ਹੈ। ਜਿੱਥੇ ਵੀ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ’ਤੇ ਸਵਾਲ ਖੜੇ ਕੀਤੇ ਗਏ ,ਉਥੇ ਚੋਣ ’ਤੇ ਰੋਕ ਲਗਾਈ ਜਾਂਦੀ ਹੈ।’’