
ਮੁਲਜ਼ਮਾਂ ’ਚ ਦਿਵਯਾਂਸ਼ੂ, ਗੁਰਪਿੰਦਰ ਪਿੰਦਾ, ਨਿਸ਼ਾਨ ਸਿੰਘ, ਚੜ੍ਹਤ ਸਿੰਘ, ਵਿਕਾਸ ਕੁਮਾਰ ਤੇ ਬਲਜਿੰਦਰ ਰੈਂਪੋ ਦਾ ਨਾਂ ਸ਼ਾਮਲ
ਚੰਡੀਗੜ੍ਹ : ਪੰਜਾਬ ਪੁਲਿਸ ਦੇ ਮੋਹਾਲੀ ਸਥਿਤ ਖੁਫੀਆ ਦਫ਼ਤਰ ’ਤੇ ਹੋਏ ਅੱਤਵਾਦੀ ਹਮਲੇ ਦੇ ਮਾਮਲੇ ’ਚ ਮੋਹਾਲੀ ਅਦਾਲਤ ਨੇ 6 ਆਰੋਪੀਆਂ ਦਿਵਯਾਂਸ਼ੂ, ਗੁਰਪਿੰਦਰ ਸਿੰਘ ਉਰਫ ਪਿੰਦਾ, ਨਿਸ਼ਾਨ ਸਿੰਘ, ਚੜ੍ਹਤ ਸਿੰਘ, ਵਿਕਾਸ ਕੁਮਾਰ ਅਤੇ ਬਲਜਿੰਦਰ ਸਿੰਘ ਰੈਂਬੋ ਖ਼ਿਲਾਫ਼ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਹੈ। ਪੁਲਿਸ ਦੀ ਵੱਲੋਂ ਆਰੋਪੀਆਂ ਨੂੰ ਅਦਾਲਤ ’ਚ ਪੇਸ਼ ਨਹੀਂ ਕੀਤਾ ਜਾ ਸਕਿਆ।
ਇਸ ਦੇ ਨਾਲ ਹੀ ਮਾਮਲੇ ਦੇ ਜਾਂਚ ਅਧਿਕਾਰੀ ਨੂੰ ਵੀ ਨੋਟ ਜਾਰੀ ਹੋਇਆ ਹੈ ਅਤੇ ਉਨ੍ਹਾਂ ਨੂੰ 15 ਨਵੰਬਰ ਨੂੰ ਤਲਬ ਕੀਤਾ ਗਿਆ ਹੈ। ਜਦਕਿ ਜਗਦੀਪ ਉਰਫ ਜੱਗੀ, ਕੰਵਰਜੀਤ ਸਿੰਘ ਅਤੇ ਲਵਪ੍ਰੀਤ ਸਿੰਘ ਨੂੰ ਨਿੱਜੀ ਪੇਸ਼ੀ ਤੋਂ ਛੋਟ ਦਿੱਤੀ ਗਈ ਹੈ। 2022 ’ਚ ਹੋਏ ਇਸ ਅੱਤਵਾਦੀ ਹਮਲੇ ’ਚ ਪਾਕਿਸਤਾਨ ’ਚ ਛੁਪੇ ਹਰਵਿੰਦਰ ਸਿੰਘ ਰਿੰਦਾ, ਲਖਵੀਰ ਸਿੰਘ ਅਤੇ ਦੀਪਕ ਦੀ ਅਹਿਮ ਭੂਮਿਕਾ ਜਾਂਚ ਦੌਰਾਨ ਸਾਹਮਣੇ ਆਈ ਸੀ। ਇਹ ਤਿੰਨੋਂ ਪੁਲਿਸ ਦੀ ਪਕਣ ਤੋਂ ਬਾਹਰ ਹਨ ਅਤੇ ਪੁਲਿਸ ਇਨ੍ਹਾਂ ਨੂੰ ਭਗੌੜਾ ਐਲਾਨਣ ਦੀ ਤਿਆਰੀ ਵਿਚ ਹੈ। ਇਸ ਦੇ ਲਈ ਮੋਹਾਲੀ ਅਦਾਲਤ ’ਚ ਅਰਜ਼ੀ ਦਿੱਤੀ ਗਈ ਹੈ।
ਹੁਣ ਇਸ ਦਿਸ਼ਾ ’ਚ ਕਾਰਵਾਈ ਚੱਲ ਰਹੀ ਹੈ ਅਤੇ ਉਮੀਦ ਹੈ ਕਿ ਜਲਦੀ ਹੀ ਅਦਾਲਤ ਵੱਲੋਂ ਇਸ ਦਿਸ਼ਾ ’ਚ ਕਾਰਵਾਈ ਕੀਤੀ ਜਾਵੇਗੀ। ਦੋ ਸਾਲ ਪਹਿਲਾਂ ਇਸ ਮਾਮਲੇ ’ਚ ਲਖਬੀਰ ਸਿੰਘ ਲੰਡਾ ਦੀ ਤਰਨਤਾਰਨ ਦੇ ਪਿੰਡਾਂ ਕੀੜੀਆਂ ’ਚ ਚਾਰ ਕਨਾਲ ਜ਼ਮੀਨ ਕੁਰਕ ਕੀਤੀ ਗਈ ਸੀ। ਇਸ ਆਰੋਪੀ ਨੂੰ ਵੀ ਪੁਲਿਸ ਅੱਤਵਾਦੀ ਐਲਾਨ ਚੁੱਕੀ ਹੈ। ਐਨਆਈਏ ਅਨੁਸਾਰ ਇਸ ਸਮੇਂ ਲੰਡਾ ਕੈਨੇਡਾ ’ਚ ਰਹਿ ਰਿਹਾ ਹੈ। ਪੁਲਿਸ ਵੱਲੋਂ ਉਸ ’ਤੇ 15 ਲੱਖ ਦਾ ਇਨਾਮ ਰੱਖਿਆ ਗਿਆ ਹੈ।
ਇਸ ਮਾਮਲੇ ’ਚ ਪੰਜਾਬ ਪੁਲਿਸ ਵੱਲੋਂ 13 ਵਿਅਕਤੀ ਦੇ ਖਿਲਾਫ ਚਲਾਨ ਪੇਸ਼ ਕੀਤੇ ਗਏ ਹਨ। ਜਦੋਂ ਮਾਮਲੇ ਦੀ ਜਾਂਚ ਸ਼ੁਰੂ ਹੋਈ ਸੀ ਤਾਂ ਕਈ ਹੋਰ ਨਾਂ ਵੀ ਸਾਹਮਣੇ ਆਏ ਸਨ। ਜਿਨ੍ਹਾਂ ਖਿਲਾਫ਼ ਪੰਜਾਬ ਪੁਲਿਸ ਕਾਰਵਾਈ ਦੀ ਤਿਆਰੀ ’ਚ ਹੈ। ਇਸ ਮਾਮਲੇ ’ਚ ਕੁੱਝ ਨਾਬਾਲਿਗ ਵੀ ਪੁਲਿਸ ਨੇ ਹਿਰਾਸਤ ’ਚ ਲਏ ਸਨ। ਜਿਨ੍ਹਾਂ ਦੀ ਉਮਰ ਜਾਂਚ ਦੇਲਈ ਗੇਟ ਟੈਸਟ ਕਰਵਾਏ ਗਏ। 17 ਫਰਵਰੀ 2023 ਨੂੰ ਪੁਲਿਸ ਨੇ ਮਾਮਲੇ ਦੇ ਮੁੱਖ ਆਰੋਪੀ ਗੁਰਪਿੰਦਰ ਉਰਫ ਪਿੰਡੂ ਨੂੰ ਗ੍ਰਿਫਤਾਰ ਕਰ ਲਿਆ। ਉਸ ਨੂੰ ਲੰਡਾ ਦਾ ਕਰੀਬੀ ਦੱਸਿਆ ਜਾ ਰਿਹਾ ਹੈ ਅਤੇ ਹਮਲੇ ਦੌਰਾਨ ਆਰੋਪੀ ਨਿਸ਼ਾਨ ਸਿੰਘ ਅਤੇ ਚਰਤ ਸਿੰਘ ਦੇ ਲਗਾਤਾਰ ਸੰਪਰਕ ਵਿਚ ਸੀ।