
ਮਾਨਯੋਗ ਮੁੱਖ ਮੰਤਰੀ, ਪੰਜਾਬ, ਕੈਪਟਨ ਅਮਰਿੰਦਰ ਸਿੰਘ ਜੀ ਵਲੋਂ 6 ਨਵੰਬਰ, 2018 ਨੂੰ ਬਿਜਨਸ ਫਸਟ ਪੋਰਟਲ ਦੀ ਨਿਵੇਸ਼ਕਾਂ ਲਈ...
ਚੰਡੀਗੜ੍ਹ (ਸ.ਸ.ਸ) : ਮਾਨਯੋਗ ਮੁੱਖ ਮੰਤਰੀ, ਪੰਜਾਬ, ਕੈਪਟਨ ਅਮਰਿੰਦਰ ਸਿੰਘ ਜੀ ਵਲੋਂ 6 ਨਵੰਬਰ, 2018 ਨੂੰ ਬਿਜਨਸ ਫਸਟ ਪੋਰਟਲ ਦੀ ਨਿਵੇਸ਼ਕਾਂ ਲਈ ਕੀਤੀ ਘੋਸ਼ਣਾ ਉਪਰੰਤ ਇਸ ਪੋਰਟਲ ਦੀ ਸਫਲਤਾ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਨਿਵੇਸ਼ਕਾਂ ਵਲੋ ਇਸ ਪੋਰਟਲ 'ਤੇ ਆਪਣੇ ਨਿਵੇਸ਼ ਪ੍ਰੋਗਰਾਮਾਂ ਨੂੰ ਰਜਿਸਟਰ ਕਰਨ ਵਿੱਚ ਵਿਸ਼ੇਸ਼ ਰੁਚੀ ਦਿਖਾਈ ਜਾਰੀ ਹੈ। ਇਹ ਪੋਰਟਲ ਨਿਵੇਸ਼ਕਾਂ ਦੀ ਮਦਦ ਲਈ ਦੇਸ਼ ਵਿੱਚ ਕਿਸੇ ਵੀ ਰਾਜ ਵਲੋਂ ਸ਼ੁਰੂ ਕੀਤਾ ਜਾਣ ਵਾਲਾ ਪਹਿਲਾ ਪੋਰਟਲ ਹੈ।
ਇਸ ਪੋਰਟਲ ਰਾਂਹੀਂ ਨਿਵੇਸ਼ਕ ਆਪਣੀ ਇਕਾਈ ਨੂੰ ਰਜਿਸਟਰ ਕਰਨ ਲਈ ਅਤੇ ਉਪਲੱਬਧ ਸਹੂਲਤਾਂ ਲੈਣ ਲਈ ਆਪ ਅਪਲਾਈ ਕਰ ਸਕਦਾ ਹੈ ਅਤੇ ਉਸਨੂੰ ਸਮੱਚੀ ਕਲੀਅਰੈਂਸ ਆਨਲਾਈਨ ਹੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇਸ ਪੋਰਟਲ ਵਿੱਚ ਆਨਲਾਈਨ ਫੀਸਾਂ ਦੇ ਭੁਗਤਾਨ, ਤੀਜੀ ਧਿਰ ਵੈਰੀਫਿਕੇਸ਼ਨ ਅਤੇ ਐਪਲੀਕੇਸ਼ਨ ਟਰੈਕਿੰਗ ਦੀ ਸਹੂਲਤਾਂ ਵੀ ਉਪਲੱਬਧ ਹਨ। ਇਸ ਗੱਲ ਦਾ ਪ੍ਰਗਟਾਵਾ ਅੱਜ ਸ੍ਰੀ ਸੁੰਦਰ ਸ਼ਾਮ ਅਰੋੜਾ, ਉਦਯੋਗ ਤੇ ਵਣਜ ਮੰਤਰੀ, ਪੰਜਾਬ ਨੇ ਕੀਤਾ।
Sunder Sham Arora
ਉਨ੍ਹਾਂ ਦੱਸਿਆ ਕਿ ਪੋਰਟਲ ਦੇ ਸ਼ੁਰੂ ਹੋਣ ਤੋ ਹੁਣ ਤੱਕ 28 ਨਿਵੇਸ਼ਕਾਂ ਨੇ ਆਪਣੀ ਇਕਾਈ ਨੂੰ ਪੋਰਟਲ ਨਾਲ ਰਜਿਸਟਰ ਕੀਤਾ ਹੈ ਅਤੇ 27 ਨਿਵੇਸ਼ਕਾਂ ਨੇ ਇਸ ਸਬੰਧੀ ਕੰਪੋਜਿਟ ਐਪਲੀਕੇਸ਼ਨ ਫਾਰਮ ਵੀ ਦਰਜ ਕੀਤੇ ਹਨ। ਇਸ ਪੋਰਟਲ ਦੀ ਸਫਲ ਸ਼ੁਰੂਆਤ ਹੋਈ ਹੈ ਅਤੇ ਇਸ ਦੀ ਪਹਿਲੀ ਆਨ-ਲਾਈਨ ਪ੍ਰਵਾਨਗੀ ਮੈਸ. ਪੰਜਾਬ ਅਲਕਲੀਜ਼ ਐਂਡ ਕੈਮੀਕਲਜ਼, ਨਯਾ ਨੰਗਲ, ਜਿਲ੍ਹਾ ਰੂਪਨਗਰ ਨੂੰ ਉਸ ਦੀ ਬੁਆਇਲਰ ਇਰੈਕਸ਼ਨ ਸਬੰਧੀ ਪ੍ਰਵਾਨਗੀ ਜਾਰੀ ਹੋਈ ਹੈ।
ਇਹ ਪ੍ਰਵਾਨਗੀ ਡਾਇਰੈਕਟਰ ਆਫ ਬੁਆਇਲਰਜ਼, ਪੰਜਾਬ ਵਲੋਂ ਬੇਨਤੀ ਪ੍ਰਾਪਤ ਹੋਣ ਤੋਂ 8 ਦਿਨਾਂ ਵਿੱਚ ਜਾਰੀ ਕੀਤੀ ਗਈ ਹੈ। ਸ੍ਰੀ ਅਰੋੜਾ ਵਲੋਂ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਬਿਜਨਸ ਫਸਟ ਪੋਰਟਲ ਪੂਰੀ ਤਰ੍ਹਾਂ ਸਫਲ ਰਹੇਗਾ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਅੱਗੇ ਤੋ ਨਿਵੇਸ਼ਕਾਂ ਨੂੰ ਸਮੂਹ ਕਲੀਅਰੈਂਸਾਂ ਸਮਾਂਬੱਧ ਜਾਰੀ ਹੋਣ।