
ਬਲਬੀਰ ਸਿੰਘ ਸਿੱਧੂ ਨੇ 68 ਨਵ-ਨਿਯੁਕਤ ਅਤੇ ਪਦ-ਉਨਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦਿਤੇ
ਚੰਡੀਗੜ੍ਹ, 8 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ): ਸਿਹਤ ਤੇ ਪ੍ਰਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਸਿਹਤ ਤੇ ਪ੍ਰਵਾਰ ਭਲਾਈ ਵਿਭਾਗ ਦੇ 68 ਨਵ-ਨਿਯੁਕਤ ਅਤੇ ਵੱਖ-ਵੱਖ ਸ੍ਰੇਣੀਆਂ ਨਾਲ ਸਬੰਧਤ ਪਦ-ਉਨਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦਿਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ 17 ਉਮੀਦਵਾਰਾਂ ਨੂੰ ਤਰਸ ਦੇ ਆਧਾਰ 'ਤੇ ਰੈਗੂਲਰ ਨੌਕਰੀ ਦਿਤੀ ਗਈ ਹੈ। ਇਨ੍ਹਾਂ ਵਿਚ 1 ਫ਼ਾਰਮੇਸੀ ਅਫ਼ਸਰ, 8 ਕਲਰਕ, 8 ਦਰਜਾ- 4 ਕਰਮਚਾਰੀ ਸ਼ਾਮਲ ਹਨ। ਇਸ ਨਾਲ ਹੀ 51 ਦਰਜਾ-4 ਕਰਮਚਾਰੀਆਂ ਨੂੰ ਕਲਰਕ ਵਜੋਂ ਤਰੱਕੀ ਦਿਤੀ ਗਈ ਹੈ।
ਇਸ ਸਮਾਗਮ ਦੌਰਾਨ ਬੋਲਦਿਆਂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਦੂਰਦਰਸ਼ੀ ਅਗਵਾਈ ਵਾਲੀ ਸੂਬਾ ਸਰਕਾਰ ਸਮਾਜ ਦੇ ਸਾਰੇ ਵਰਗਾਂ ਦੇ ਸਰਵਪੱਖੀ ਵਿਕਾਸ ਲਈ ਵਿਸ਼ੇਸ਼ ਕਰ ਕੇ ਘੱਟ ਸਹੂਲਤਾਂ ਪ੍ਰਾਪਤ ਲੋਕਾਂ ਦੇ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਨਵੇਂ ਨਿਯੁਕਤ ਕੀਤੇ ਅਤੇ ਤਰੱਕੀਆਂ ਪ੍ਰਾਪਤ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਚੰਗੀ ਕਾਰਗੁਜ਼ਾਰੀ ਨਾਲ ਸਿਹਤ ਵਿਭਾਗ ਨੂੰ ਅੱਗੇ ਤੋਰਨਾ ਚਾਹੀਦਾ ਹੈ ਤਾਂ ਜੋ ਰਾਜ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਦੀ ਪ੍ਰੀਕ੍ਰਿਆ ਵਿਚ ਹੋਰ ਸੁਧਾਰ ਲਿਆਂਦਾ ਜਾ ਸਕੇ।
ਇਸ ਮੌਕੇ ਸਿਹਤ ਮੰਤਰੀ ਦੇ ਓ.ਐਸ.ਡੀ ਡਾ. ਬਲਵਿੰਦਰ ਸਿੰਘ, ਪਟਿਆਲਾ ਦੇ ਸਿਵਲ ਸਰਜਨ ਡਾ: ਹਰੀਸ਼ ਮਲਹੋਤਰਾ, ਡਿਪਟੀ ਡਾਇਰੈਕਟਰ ਡਾ: ਹਰਵਿੰਦਰ ਸਿੰਘ ਗਿੱਲ, ਮਾਸ ਮੀਡੀਆ ਅਫ਼ਸਰ ਗੁਰਮੀਤ ਸਿੰਘ ਰਾਣਾ ਅਤੇ ਹਰਚਰਨ ਸਿੰਘ ਬਰਾੜ, ਸੁਪਰਡੈਂਟ ਵਿਪਨ ਕੁਮਾਰ, ਸਿਹਤ ਇੰਸਪੈਕਟਰ ਭੁਪਿੰਦਰ ਸਿੰਘ ਹਾਜ਼ਰ ਸਨ।image