
ਭਾਰਤ-ਚੀਨ ਗੱਲਬਾਤ: ਲੱਦਾਖ ਸਰਹੱਦ 'ਤੇ ਸ਼ਾਂਤੀ ਅਤੇ ਸੰਜਮ ਬਣਾਈ ਰੱਖਣ ਲਈ ਸਹਿਮਤੀ
ਨਵੀਂ ਦਿੱਲੀ, 8 ਨਵੰਬਰ: ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) 'ਤੇ ਪਿਛਲੇ 6 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਚੱਲੇ ਆ ਰਹੇ ਤਣਾਅ ਨੂੰ ਖ਼ਤਮ ਕਰਨ ਲਈ ਭਾਰਤ ਅਤੇ ਚੀਨ ਦੇ ਫ਼ੌਜੀ ਕਮਾਂਡਰਾਂ ਵਿਚਾਲੇ 8ਵੇਂ ਦੌਰ ਦੀ ਗੱਲਬਾਤ 'ਚ ਵੀ ਫ਼ੌਜੀਆਂ ਨੂੰ ਪਿੱਛੇ ਹਟਾਉਣ ਬਾਰੇ ਸਹਿਮਤੀ ਨਹੀਂ ਬਣੀ। ਫ਼ੌਜੀ ਕਮਾਂਡਰ ਦਰਮਿਆਨ 8ਵੇਂ ਦੌਰ ਦੀ ਗੱਲਬਾਤ ਭਾਰਤੀ ਸਰਹੱਦੀ ਖੇਤਰ ਦੇ ਚੁਸ਼ੂਲ 'ਚ ਬੀਤੇ ਸ਼ੁਕਰਵਾਰ ਨੂੰ ਹੋਈ ਸੀ ਪਰ ਕਰੀਬ 10 ਘੰਟੇ ਚੱਲੀ ਗੱਲਬਾਤ ਦਾ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ ਅਤੇ ਇਹ ਤੈਅ ਹੋਇਆ ਕਿ ਦੋਵੇਂ ਪੱਖਾਂ ਦਰਮਿਆਨ ਛੇਤੀ ਹੀ ਮੁੜ ਤੋਂ ਗੱਲਬਾਤ ਹੋਵੇਗੀ।
ਫ਼ੌਜੀ ਕਮਾਂਡਰ ਦੀ ਗੱਲਬਾਤ ਖ਼ਤਮ ਹੋਣ ਦੇ ਕਰੀਬ 48 ਘੰਟਿਆਂ ਬਾਅਦ ਰਖਿਆ ਮੰਤਰਾਲਾ ਨੇ ਇਸ ਬਾਰੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਦੋਹਾਂ ਪੱਖਾਂ ਵਿਚਾਲੇ ਅਸਲ ਕੰਟਰੋਲ ਰੇਖਾ 'ਤੇ ਤਣਾਅ ਨੂੰ ਖ਼ਤਮ ਕਰਨ ਲਈ ਸਪੱਸ਼ਟ ਦ੍ਰਿਸ਼ਟੀਕੋਣ ਅਤੇ ਵਿਸਤਾਰ ਨਾਲ ਗੱਲਬਾਤ ਹੋਈ। ਦੋਹਾਂ ਵਿਚਾਲੇ ਫ਼ੌਜੀਆਂ ਦੀ ਵਾਪਸੀ ਨੂੰ ਲੈ ਕੇ ਸਕਾਰਾਤਮਕ ਵਿਚਾਰਾਂ ਦਾ ਆਦਾਨ-ਪ੍ਰਦਾਨ ਹੋਇਆ। ਇਹ ਵੀ ਸਹਿਮਤੀ ਬਣੀ ਕਿ ਦੋਵੇਂ ਪੱਖ ਦੋਹਾਂ ਦੇਸ਼ਾਂ ਦੇ ਨੇਤਾਵਾਂ ਵਿਚਾਲੇ ਬਣੀ ਮਹੱਤਵਪੂਰਨ ਸਹਿਮਤੀ ਨੂੰ ਗੰਭੀਰਤਾ ਨਾਲ ਅਮਲ 'ਚ ਲਿਆਉਣਗੇ।
ਉਹ ਇਹ ਵੀ ਯਕੀਨੀ ਕਰਨਗੇ ਕਿ ਮੋਹਰੀ ਮੋਰਚਿਆਂ 'ਤੇ ਤਾਇਨਾਤ ਫ਼ੌਜੀ ਸੰਜਮ ਵਰਤਣਗੇ ਅਤੇ ਗ਼ਲਤਫ਼ਹਿਮੀ ਅਤੇ ਨਾਸਮਝੀ ਤੋਂ ਬਚਣਗੇ।
ਦੋਹਾਂ ਪੱਖਾਂ ਨੇ ਇਸ ਗੱਲ 'ਤੇ ਸਹਿਮਤੀ ਪ੍ਰਗਟਾਈ ਕਿ ਉਹ ਫ਼ੌਜੀ ਅਤੇ ਕੂਟਨੀਤਕ ਮਾਧਿਅਮ ਤੋਂ ਗੱਲਬਾਤ ਅਤੇ ਸੰਪਰਕ ਬਣਾ ਕੇ ਰੱਖਣਗੇ ਅਤੇ ਹੁਣ ਤਕ ਹੋਈ ਗੱਲਬਾਤ ਦੇ ਆਧਾਰ 'ਤੇ ਪੈਂਡਿੰਗ ਮੁੱਦਿਆਂ ਦਾ ਹੱਲ ਕਰਨਗੇ। ਜਿਸ ਨਾਲ ਕਿ ਸਰਹੱਦੀ ਖੇਤਰਾਂ ਵਿਚ ਸ਼ਾਂਤੀ ਅਤੇ ਦੋਸਤੀ ਦਾ ਮਾਹੌਲ ਬਣਾਇਆ ਜਾ ਸਕੇ। ਦੋਹਾਂ ਪੱਖਾਂ ਵਿਚਾਲੇ ਅਗਲੇ ਦੌਰ ਦੀ ਗੱਲਬਾਤ ਛੇਤੀ ਹੀ ਹੋਵੇਗੀ। (ਏਜੰਸੀ)