
ਮੋਦੀ ਵਲੋਂ ਗੁਜਰਾਤ 'ਚ ਰੋਪੈਕਸ ਫੇਰੀ ਸੇਵਾ ਦਾ ਉਦਘਾਟਨ
ਘੋਘਾ ਦਰਮਿਆਨ ਤੋਂ ਹਜ਼ੀਰਾ ਵਿਚਕਾਰ ਦੂਰੀ ਘੱਟ ਕੇ 90 ਕਿਲੋਮੀਟਰ ਹੋਈ
ਅਹਿਮਦਾਬਾਦ, 8 ਨਵੰਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਗੁਜਰਾਤ ਦੇ ਹਜ਼ੀਰਾ 'ਚ ਰੋਪੈਕਸ ਟਰਮੀਨਲ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਵੀਡੀਉ ਕਾਨਫਰੰਸਿੰਗ ਰਾਹੀਂ ਹਜ਼ੀਰਾ ਵਿਚ ਰੋਪੈਕਸ ਟਰਮੀਨਲ ਦਾ ਉਦਘਾਟਨ ਅਤੇ ਹਜ਼ੀਰਾ ਤੋਂ ਘੋਘਾ ਦਰਮਿਆਨ ਰੋਪੈਕਸ ਫੇਰੀ ਸੇਵਾ ਨੂੰ ਹਰੀ ਝੰਡੀ ਵਿਖਾਈ। ਇਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਵੀ ਮੌਜੂਦ ਰਹੇ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਘੋਘਾ ਅਤੇ ਹਜ਼ੀਰਾ ਵਿਚਾਲੇ ਰੋਪੈਕਸ ਸੇਵਾ ਸ਼ੁਰੂ ਹੋਣ ਨਾਲ ਸੌਰਾਸ਼ਟਰ ਅਤੇ ਦੱਖਣੀ ਗੁਜਰਾਤ, ਦੋਹਾਂ ਹੀ ਖੇਤਰਾਂ ਦੇ ਲੋਕਾਂ ਦਾ ਸਾਲਾਂ ਦਾ ਸੁਪਨਾ ਪੂਰਾ ਹੋਇਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸੇਵਾ ਨਾਲ ਘੋਘਾ ਅਤੇ ਹਜ਼ੀਰਾ ਵਿਚਾਲੇ ਸੜਕ ਦੀ ਜੋ ਦੂਰੀ 375 ਕਿਲੋਮੀਟਰ ਦੀ ਹੈ, ਉਹ ਸਮੁੰਦਰ ਦੇ ਰਸਤਿਉ ਸਿਰਫ਼ 90 ਕਿਲੋਮੀਟਰ ਦੀ ਰਹਿ ਜਾਵੇਗੀ। ਇਸ ਦੂਰੀ ਨੂੰ ਪੂਰਾ ਕਰਨ ਲਈ 10 ਤੋਂ 12 ਘੰਟੇ ਦਾ ਸਮਾਂ ਲੱਗਦਾ ਸੀ, ਹੁਣ ਉਸ ਸਫ਼ਰ 'ਚ 3-4 ਘੰਟੇ ਹੀ ਲੱਗਿਆ ਕਰਨਗੇ।
ਇਸ ਨੂੰ ਤਿਆਰ ਕਰਨ ਵਾਲੇ ਲੋਕਾਂ ਦਾ ਧਨਵਾਦ: ਪ੍ਰਧਾਨ ਮੰਤਰੀ ਨੇ ਅਪਣੇ ਸੰਬੋਧਨ ਵਿਚ ਕਿਹਾ ਕਿ ਗੁਜਰਾਤ ਵਿਚ ਰੋਪੈਕਸ ਫੇਰੀ ਸੇਵਾ ਵਰਗੀਆਂ ਸਹੂਲਤਾਂ ਵਿਕਸਤ ਕਰਨ ਲਈ ਬਹੁਤ ਮਿਹਨਤ ਕੀਤੀ ਹੈ। ਰਾਹ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ ਹਨ। ਮੈਂ ਉਨ੍ਹਾਂ ਸਾਰੇ ਸਹਿਯੋਗੀਆਂ ਦਾ ਧਨਵਾਦੀ ਹਾਂ। ਮੈਂ ਉਨ੍ਹਾਂ ਸਾਰੇ ਇੰਜੀਨੀਅਰਾਂ, ਵਰਕਰਾਂ ਦਾ ਧਨਵਾਦ ਕਰਦਾ ਹਾਂ ਜਿਹੜੇ ਹਿੰਮਤ ਨਾਲ ਡਟੇ ਰਹੇ।
ਘੋਘਾ ਤੋਂ ਦਾਹੇਜਕੇ ਵਿਚਾਰ ਫੇਰੀ ਸਰਵਿਸ ਨੂੰ ਛੇਤੀ ਸ਼ੁਰੂ ਕੀਤਾ ਜਾਵੇਗਾ : ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਗੁਜਰਾਤ ਵਿਚ ਸਮੁੰਦਰੀ ਕਾਰੋਬਾਰ ਨਾਲ ਜੁੜੇ ਬੁਨਿਆਦੀ ਢਾਂਚੇ ਅਤੇ ਸਮਰੱਥਾ ਨਿਰਮਾਣ 'ਤੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। (ਏਜੰਸੀ)
ਗੁਜਰਾਤ ਵਿਚ ਬਹੁਤ ਸਾਰੀਆਂ ਸਹੂਲਤਾਂ ਜਿਵੇਂ ਗੁਜਰਾਤ ਮੈਰੀਟਾਈਮ ਕਲੱਸਟਰ, ਗੁਜਰਾਤ ਮੈਰੀਟਾਈਮ ਯੂਨੀਵਰਸਿਟੀ, ਭਾਵਾਨਗਰ ਵਿਖੇ ਸੀ ਐਨ ਜੀ ਟਰਮੀਨਲ ਤਿਆਰ ਹੋ ਰਹੇ ਹਨ।
ਦਸਣਯੋਗ ਹੈ ਕਿ ਰੋਪੈਕਸ ਫੇਰੀ ਵੀਸਲ ਵੋਯੇਜ ਸਿਮਫਨੀ ਇਕ ਤਿੰਨ ਮੰਜ਼ਿਲਾ ਜਹਾਜ਼ ਹੈ। ਹਜ਼ੀਰਾ ਵਿਚ ਸ਼ੁਰੂ ਹੋਣ ਵਾਲੇ ਰੋਪੈਕਸ ਟਰਮੀਨਲ 100 ਮੀਟਰ ਲੰਮੀ ਅਤੇ 40 ਮੀਟਰ ਚੌੜੀ ਹੋਵੇਗੀ। ਇਸ 'ਚ ਪਾਰਕਿੰਗ, ਸਬ-ਸਟੇਸ਼ਨ, ਵਾਟਰ ਟਾਵਰ ਅਤੇ ਪ੍ਰਸ਼ਾਸਨਿਕ ਦਫ਼ਤਰ ਵਰਗੀਆਂ ਸਹੂਲਤਾਂ ਵੀ ਹੋਣਗੀਆਂ। (ਏਜੰਸੀ)