
ਨੋਟਬੰਦੀ 'ਤੇ ਰਾਹੁਲ ਦਾ ਮੋਦੀ 'ਤੇ ਸ਼ਬਦੀ ਵਾਰ, ਸੋਚੀ ਸਮਝੀ ਸਾਜ਼ਸ਼ ਦਸਿਆ
ਨਵੀਂ ਦਿੱਲੀ, 8 ਨਵੰਬਰ: ਮੋਦੀ ਸਰਕਾਰ ਵਲੋਂ ਕੀਤੀ ਨੋਟਬੰਦੀ ਨੂੰ ਅੱਜ 4 ਸਾਲ ਪੂਰੇ ਹੋ ਗਏ ਹਨ। ਨੋਟਬੰਦੀ ਦੇ 4 ਸਾਲ ਪੂਰੇ ਹੋਣ 'ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਮੁੜ ਮੋਦੀ ਸਰਕਾਰ ਵਿਰੁਧ ਸ਼ਬਦੀ ਹਮਲੇ ਕੀਤੇ ਹਨ।
ਰਾਹੁਲ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ 'ਚ ਨੋਟਬੰਦੀ ਲਾਗੂ ਕਰਨ ਦਾ ਫ਼ੈਸਲਾ ਜਾਣਬੁੱਝ ਕੇ ਲਿਆ ਸੀ ਅਤੇ ਇਸ ਰਾਹੀਂ ਉਨ੍ਹਾਂ ਦਾ ਮਕਸਦ ਅਪਣੇ ਪੂੰਜੀਪਤੀ ਦੋਸਤਾਂ ਨੂੰ ਫ਼ਾਇਦਾ ਪਹੁੰਚਾਉਣਾ ਸੀ। ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 4 ਸਾਲ ਪਹਿਲਾਂ ਅੱਜ ਦੇ ਹੀ ਦਿਨ ਕੀਤੀ ਨੋਟਬੰਦੀ ਦੇ ਐਲਾਨ ਨੂੰ ਰਾਸ਼ਟਰੀ ਤ੍ਰਾਸਦੀ ਦਸਿਆ ਅਤੇ ਕਿਹਾ ਕਿ ਇਸ ਰਾਹੀਂ ਉਨ੍ਹਾਂ ਨੇ ਪੂੰਜੀਪਤੀਆਂ ਨੂੰ ਫ਼ਾਇਦਾ ਪਹੁੰਚਾਉਣ ਦਾ ਕੰਮ ਕੀਤਾ ਅਤੇ ਪੂਰੇ ਦੇਸ਼ ਨੂੰ ਮੁਸ਼ਕਲ ਵਿਚ ਪਾ ਦਿਤਾ ਸੀ।
ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਨੋਟਬੰਦੀ ਪ੍ਰਧਾਨ ਮੰਤਰੀ ਦੀ ਸੋਚੀ ਸਮਝੀ ਚਾਲ ਸੀ, ਤਾਕਿ ਆਮ ਜਨਤਾ ਦੇ ਪੈਸੇ ਤੋਂ ਮੋਦੀ-ਦੋਸਤ ਪੂੰਜੀਪਤੀਆਂ ਦਾ ਲੱਖਾਂ ਕਰੋੜਾਂ ਰੁਪਏ ਕਰਜ਼ ਮੁਆਫ਼ ਕੀਤਾ ਜਾ ਸਕੇ। ਗ਼ਲਤਫ਼ਹਿਮੀ 'ਚ ਨਾ ਰਹੋ- ਗ਼ਲਤੀ ਹੋਈ ਨਹੀਂ, ਜਾਣਬੁੱਝ ਕੇ ਕੀਤੀ ਗਈ ਸੀ। ਇਸ ਰਾਸ਼ਟਰੀ ਤ੍ਰਾਸਦੀ ਦੇ 4 ਸਾਲ 'ਤੇ ਤੁਸੀਂ ਵੀ ਅਪਣੀ ਆਵਾਜ਼ ਬੁਲੰਦ ਕਰੋ। ਜ਼ਿਕਰਯੋਗ ਹੈ ਕਿ ਨੋਟਬੰਦੀ ਦੇ 4 ਸਾਲ ਪੂਰੇ ਹੋਣ ਮੌਕੇ ਕਾਂਗਰਸ 8 ਨਵੰਬਰ ਦਿਨ ਐਤਵਾਰ ਨੂੰ ਮੋਦੀ ਸਰਕਾਰ ਵਿਰੁਧ ਦੇਸ਼ ਭਰ 'ਚ ਵਿਸ਼ਵਾਸਘਾਤ ਦਿਵਸ ਮਨਾ ਰਹੀ ਹੈ ਅਤੇ ਇਸ ਲਈ ਡਿਜੀਟਲ ਮੁਹਿੰਮ ਚਲਾ ਰਹੀ ਹੈ। (ਏਜੰਸੀ)