
ਜੰਮੂ-ਕਸ਼ਮੀਰ ਦੇ ਮਾਛਿਲ ਸੈਕਟਰ 'ਚ ਤਿੰਨ ਅਤਿਵਾਦੀ ਢੇਰ
ਮੁਕਾਬਲੇ ਦੌਰਾਨ ਫ਼ੌਜੀ ਅਧਿਕਾਰੀ ਸਣੇ ਚਾਰ ਜਵਾਨ ਸ਼ਹੀਦ
to
ਜੰਮੂ, 8 ਨਵੰਬਰ: ਫ਼ੌਜ ਨੇ ਜੰਮੂ-ਕਸ਼ਮੀਰ ਵਿਚ ਕੰਟਰੋਲ ਰੇਖਾ ਦੇ ਨਾਲ ਮਾਛਿਲ ਸੈਕਟਰ ਵਿਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਤਿੰਨ ਅਤਿਵਾਦੀਆਂ ਨੂੰ ਮਾਰ ਦਿਤਾ। ਹਾਲਾਂਕਿ ਮੁਕਾਬਲੇ ਵਿਚ ਇਕ ਸੈਨਿਕ ਅਧਿਕਾਰੀ ਸਣੇ ਚਾਰ ਸੁਰੱਖਿਆ ਕਰਮਚਾਰੀ ਵੀ ਸ਼ਹੀਦ ਹੋ ਗਏ ਹਨ। । ਇਕ ਰਖਿਆ ਬੁਲਾਰੇ ਨੇ ਐਤਵਾਰ ਨੂੰ ਇਥੇ ਇਹ ਜਾਣਕਾਰੀ ਦਿਤੀ।
ਉਨ੍ਹਾਂ ਕਿਹਾ ਕਿ ਰਾਤ ਵੇਲੇ ਅਤਿਵਾਦੀਆਂ ਨੇ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਮਾਛਿਲ ਸੈਕਟਰ ਵਿਚ ਭਾਰਤੀ ਇਲਾਕੇ ਵਿਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ। ਅਧਿਕਾਰੀਆਂ ਨੇ ਦਸਿਆ ਕਿ ਜਵਾਨਾਂ ਨੇ ਘੁਸਪੈਠੀਆਂ ਨੂੰ ਚੁਣੌਤੀ ਦਿਤੀ ਅਤੇ ਉਨ੍ਹਾਂ ਵਿਚੋਂ ਤਿੰਨ ਨੂੰ ਮਾਰ ਦਿਤਾ।
ਹਾਲਾਂਕਿ, ਇਸ ਕਾਰਵਾਈ ਦੌਰਾਨ ਬਾਰਡਰ ਸਿਕਿਉਰਿਟੀ ਫ਼ੋਰਸ (ਬੀਐਸਐਫ਼) ਦਾ ਜਵਾਨ, ਇਕ ਸੈਨਾ ਅਧਿਕਾਰੀ ਅਤੇ ਤਿੰਨ ਸੈਨਿਕ ਮਾਰੇ ਗਏ। ਇਸ ਦੌਰਾਨ ਸ੍ਰੀਨਗਰ ਵਿਚ ਰਖਿਆ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਦਸਿਆ ਕਿ ਰਾਤ ਦੇ 1 ਵਜੇ ਦੇ ਕਰੀਬ ਬੀਐਸਐਫ਼ ਦੀ ਗਸ਼ਤ ਨੇ ਕੰਟਰੋਲ ਰੇਖਾ ਤੋਂ ਲਗਭਗ 3.5 ਕਿਲੋਮੀਟਰ ਦੀ ਦੂਰੀ 'ਤੇ ਐਂਟੀ ਇਨਫਿਲਟ੍ਰੇਸ਼ਨ ਆਬਸਟੇਕਲ ਸਿਸਟਮ (ਐਲਓਸੀ) ਨੇੜੇ ਸ਼ੱਕੀ ਗਤੀਵਿਧੀਆਂ ਵੇਖੀਆਂ।
ਉਨ੍ਹਾਂ ਕਿਹਾ ਕਿ ਬੀਐਸਐਫ਼ ਦੇ ਜਵਾਨਾਂ ਨੇ ਘੁਸਪੈਠੀਆਂ ਨੂੰ ਚੁਣੌਤੀ ਦਿਤੀ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋਇਆ ਜਿਸ ਵਿਚ ਇਕ ਅਤਿਵਾਦੀ ਮਾਰਿਆ ਗਿਆ। ਕਰਨਲ ਰਾਜੇਸ਼ ਕਾਲੀਆ ਨੇ ਕਿਹਾ ਕਿ ਮੁਹਿੰਮ ਦੌਰਾਨ ਇਕ ਬੀਐਸਐਫ਼ ਦਾ ਜਵਾਨ ਸ਼ਹੀਦ ਹੋ ਗਿਆ ਅਤੇ ਮੁਕਾਬਲਾ ਸਵੇਰੇ ਚਾਰ ਵਜੇ ਖ਼ਤਮ ਹੋ ਗਿਆ।
ਉਨ੍ਹਾਂ ਕਿਹਾ ਕਿ ਹੋਰ ਜਵਾਨਾਂ ਨੂੰ ਇਸ ਖੇਤਰ ਵਿਚ ਭੇਜਿਆ ਗਿਆ ਅਤੇ ਨਿਗਰਾਨੀ ਉਪਕਰਣਾਂ ਦੀ ਮਦਦ ਨਾਲ ਅਤਿਵਾਦੀਆਂ ਦੀ ਹਰਕਤ ਨੂੰ ਟਰੈਕ ਕੀਤਾ ਗਿਆ ਸੀ।
ਕਰਨਲ ਕਾਲੀਆ ਨੇ ਕਿਹਾ ਕਿ ਮੁਕਾਬਲੇ ਵਿਚ ਦੋ ਹੋਰ ਅਤਿਵਾਦੀ ਮਾਰੇ ਗਏ। ਮੁਕਾਬਲੇ ਵਿਚ ਸਾਡੇ ਤਿੰਨ ਜਵਾਨ ਵੀ ਸ਼ਹੀਦ ਹੋ ਗਏ ਅਤੇ ਦੋ ਜ਼ਖ਼ਮੀ ਹੋ ਗਏ।
ਉਨ੍ਹਾਂ ਕਿਹਾ ਕਿ ਜ਼ਖ਼ਮੀ ਫ਼ੌਜੀਆਂ ਨੂੰ ਉਥੋਂ ਬਾਹਰ ਕੱਢ ਲਿਆ ਗਿਆ ਹੈ। ਬੁਲਾਰੇ ਨੇ ਕਿਹਾ ਕਿ ਮੁਹਿੰਮ ਜਾਰੀ ਹੈ ਅਤੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। (ਏਜੰਸੀ)