
ਕਮਲਾ ਹੈਰਿਸ ਦੀ ਜਿੱਤ ਦੀ ਖ਼ੁਸ਼ੀ ਦੇ ਜਸ਼ਨਾਂ 'ਚ ਡੁੱਬਿਆ ਤਾਮਿਲਨਾਡੂ ਦਾ ਪਿੰਡ ਥੁਲਾਸੇਂਦ੍ਰਾਪੁਰਮ
ਤਾਮਿਲਨਾਡੂ, 8 ਨਵੰਬਰ: ਭਾਰਤੀ ਮੂਲ ਦੀ ਕਮਲਾ ਹੈਰਿਸ ਅਮਰੀਕਾ ਦੀ ਪਹਿਲੀ ਔਰਤ ਉਪ ਰਾਸ਼ਟਰਪਤੀ ਬਣ ਗਈ ਹੈ। ਉਪ ਰਾਸ਼ਟਰਪਤੀ ਬਣ ਕੇ ਕਮਲਾ ਹੈਰਿਸ ਨੇ ਇਤਿਹਾਸ ਰਚ ਦਿਤਾ ਹੈ। ਕਮਲਾ ਨੇ ਭਾਰਤ ਦਾ ਨਾਂ ਦੁਨੀਆਂ 'ਚ ਉੱਚਾ ਕਰ ਦਿਤਾ ਹੈ। ਅਮਰੀਕਾ ਤੋਂ ਹਜ਼ਾਰਾਂ ਮੀਲ ਦੂਰ ਦੱਖਣੀ ਭਾਰਤ ਦੇ ਇਕ ਪਿੰਡ ਵਿਚ ਅਮਰੀਕੀ ਚੋਣਾਂ 'ਚ ਕਮਲਾ ਹੈਰਿਸ ਦੀ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਤਾਮਿਲਨਾਡੂ ਦੇ ਪਿੰਡ ਥੁਲਾਸੇਂਦ੍ਰਾਪੁਰਮ ਵਿਚ ਲੋਕ ਰੰਗੋਲੀ ਬਣਾ ਰਹੇ ਹਨ। ਕਮਲਾ ਹੈਰਿਸ ਦੇ ਪੋਸਟਰ ਹੱਥ ਵਿਚ ਲੈ ਕੇ ਆਤਿਸ਼ਬਾਜ਼ੀ ਕਰ ਰਹੇ ਹਨ। ਦਰਅਸਲ, ਇਹ ਉਹ ਹੀ ਪਿੰਡ ਹੈ ਜਿਥੇ ਅਮਰੀਕਾ ਦੀ ਉਪ ਰਾਸ਼ਟਰਪਤੀ ਬਣਨ ਜਾ ਰਹੀ ਕਮਲਾ ਹੈਰਿਸ ਦੀ ਮਾਂ ਸ਼ਿਆਮਲਾ ਗੋਪਾਲਨ ਰਹਿੰਦੀ ਸੀ। ਸ਼ਿਆਮਲਾ ਗੋਪਾਲਨ ਸਿਰਫ਼ 19 ਸਾਲ ਦੀ ਉਮਰ ਵਿਚ ਭਾਰਤ ਤੋਂ ਅਮਰੀਕਾ ਚੱਲੀ ਗਈ ਸੀ। ਹੁਣ 150 ਘਰਾਂ ਦੇ ਇਸ ਪਿੰਡ ਵਿਚ ਕਮਲਾ ਦੀ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਐਤਵਾਰ ਸਵੇਰੇ ਇਸ ਪਿੰਡ ਦੇ ਘਰਾਂ 'ਚ ਰੰਗੋਲੀ ਬਣਾਈ ਗਈ ਅਤੇ ਲਿਖਿਆ ਵਧਾਈ ਹੋਵੇ ਕਮਲਾ ਹੈਰਿਸ, ਤੁਸੀਂ ਸਾਡੇ ਪਿੰਡ ਦਾ ਮਾਣ ਹੋ। ਇਸ ਪਿੰਡ ਦੇ ਲੋਕਾਂ ਨੇ ਪਟਾਕੇ ਚਲਾਏ ਅਤੇ ਮਠਿਆਈਆਂ ਵੰਡੀਆਂ ਅਤੇ ਇਸ ਦੇ ਨਾਲ ਹੀ ਕਮਲਾ ਹੈਰਿਸ ਨੂੰ ਵਧਾਈ ਦਿਤੀ। (ਏਜੰਸੀ)