
4 ਲੋਕ ਹੋਏ ਗੰਭੀਰ ਜ਼ਖਮੀ
ਜਲੰਧਰ: ਵਾਤਾਵਰਨ ਵਿੱਚ ਵੱਧ ਰਹੀ ਠੰਢ ਅਤੇ ਪਰਾਲੀ ਦੇ ਧੂੰਏਂ ਨੇ ਧੁੰਦ ਦਾ ਰੂਪ ਧਾਰਨ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਵੇਂ-ਜਿਵੇਂ ਹਨੇਰਾ ਹੁੰਦਾ ਹੈ, ਹਾਈਵੇਅ 'ਤੇ ਵਿਜ਼ੀਬਿਲਟੀ ਵੀ ਘੱਟ ਰਹੀ ਹੈ। ਇਸ ਦਾ ਨਤੀਜਾ ਦੇਰ ਰਾਤ ਜਲੰਧਰ-ਲੁਧਿਆਣਾ ਮੁੱਖ ਮਾਰਗ 'ਤੇ ਦੇਖਣ ਨੂੰ ਮਿਲਿਆ। ਦੇਰ ਰਾਤ ਧੂੰਏਂ ਕਾਰਨ ਇੱਕ ਤੇਜ਼ ਰਫ਼ਤਾਰ ਸਕਾਰਪੀਓ ਕਾਰ ਅੱਗੇ ਜਾ ਰਹੇ ਸਰੀਏ ਨਾਲ ਭਰੇ ਟਰੱਕ ਨਾਲ ਟਕਰਾ ਗਈ।
ਹਾਦਸੇ 'ਚ ਸਰੀਏ ਸ਼ੀਸ਼ੇ ਤੋੜ ਕੇ ਸਕਾਰਪੀਓ ਕਾਰ ਦੇ ਅੰਦਰ ਜਾ ਵੜੇ। ਇਸ ਹਾਦਸੇ 'ਚ ਚਾਰ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਜਿਨ੍ਹਾਂ ਨੂੰ ਹਾਦਸੇ ਤੋਂ ਬਾਅਦ ਪਹਿਲਾਂ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਜ਼ਖਮੀਆਂ ਦੀ ਹਾਲਤ ਨੂੰ ਦੇਖਦੇ ਹੋਏ ਦਯਾਨੰਦ ਮੈਡੀਕਲ ਕਾਲਜ (ਡੀ.ਐੱਮ.ਸੀ.), ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ ਹੈ। ਅਜੇ ਤੱਕ ਜ਼ਖਮੀਆਂ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਉਹ ਕਿੱਥੋਂ ਦੇ ਸਨ।
ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਕਾਰਪੀਓ ਗੱਡੀ ਨੰਬਰ ਪੀ.ਬੀ.-19ਐਸ-0020 ਜਲੰਧਰ ਸਾਈਡ ਤੋਂ ਆ ਰਹੀ ਸੀ। ਜਿਵੇਂ ਹੀ ਕਮਾਲਪੁਰ ਫਾਟਕ ਸ਼੍ਰੀ ਹਨੂਮੰਤਾ ਸਕੂਲ ਨੇੜੇ ਪਹੁੰਚੀ ਤਾਂ ਸਰੀਏ ਨਾਲ ਭਰੇ ਟਰੱਕ ਦੇ ਪਿੱਛੇ ਜਾ ਟਕਰਾਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹਾਦਸਾ ਵਿਜ਼ੀਬਿਲਟੀ ਨਾ ਹੋਣ ਕਾਰਨ ਧੂੰਏਂ ਕਾਰਨ ਵਾਪਰਿਆ ਹੈ। ਟਰੱਕ ਵਿੱਚੋਂ ਸਰੀਏ ਬਾਹਰ ਸਨ।