
ਟੈਕਸ ਚੋਰੀ ਰੋਕਣ ਲਈ ਵਖਰਾ ਖ਼ੁਫ਼ੀਆ ਵਿੰਗ ਕੀਤਾ ਸਥਾਪਤ : ਚੀਮਾ
ਡਾਟਾ ਮਾਈਨਿੰਗ ਅਤੇ ਚੈਕਿੰਗ ਰਾਹੀਂ 250 ਕਰੋੜ ਤੋਂ ਵਧ ਦਾ ਮਾਲੀਆ ਇਕੱਠਾ ਕੀਤਾ
ਚੰਡੀਗੜ੍ਹ, 8 ਨਵੰਬਰ (ਭੁੱਲਰ): ਟੈਕਸ ਚੋਰੀ ਰੋਕਣ ਲਈ ਭਗਵੰਤ ਮਾਨ ਵੱਡਾ ਕਦਮ ਚੁਕਿਆ ਹੈ | ਟੈਕਸ ਦੀ ਚੋਰੀ 'ਤੇ ਨਜ਼ਰ ਰਖਣ ਲਈ ਵਖਰਾ ਟੈਕਸ ਇੰਟੈਲੀਜੈਂਸ ਵਿੰਗ (ਖ਼ੁਫ਼ੀਆ ਟੈਕਸ ਵਿੰਗ) ਦੀ ਸਥਾਪਨਾ ਕਰ ਦਿਤੀ ਗਈ ਹੈ | ਇਸ ਦਾ ਐਲਾਨ ਆਮ ਆਦਮੀ ਸਰਕਾਰ ਬਣਨ ਬਾਅਦ ਪਹਿਲੇ ਬਜਟ ਵਿਚ ਕੀਤਾ ਗਿਆ ਸੀ |
ਸੂਬੇ ਦੇ ਵਿੱਤ, ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਦੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇਸ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਇਸ ਵਿੰਗ ਵਿਚ ਇਕ ਜੁਆਇੰਟ ਕਮਿਸ਼ਨਰ, 3 ਈ.ਟੀ.ਓ., 6 ਇੰਸਪੈਕਟਰ ਅਤੇ 6 ਮਾਹਰ ਸ਼ਾਮਲ ਕੀਤੇ ਜਾਣਗੇ | ਮਾਹਰਾਂ ਵਿਚ ਸਾਈਬਰ, ਕਾਨੂੰਨੀ, ਬਿਜਨਸ ਨਾਲ ਜੁੜੇ ਪ੍ਰਤੀਨਿਧ ਸ਼ਾਮਲ ਹੋਣਗੇ | ਉਨ੍ਹਾਂ ਦਾ ਕਹਿਣਾ ਹੈ ਕਿ ਇਹ ਖ਼ੁਫ਼ੀਆ ਟੈਕਸ ਵਿੰਗ ਜਾਅਲੀ ਬਿਲਾਂ ਉਪਰ ਵੀ ਸਖ਼ਤ ਨਜ਼ਰ ਰੱਖੇਗਾ ਤਾਂ ਜੋ ਹਰ ਪਾਸਿਉਂ ਟੈਕਸ ਚੋਰੀ ਰੋਕੀ ਜਾ ਸਕੇ | ਚੀਮਾ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਵਲੋਂ ਟੈਕਸ ਚੋਰੀ ਨੂੰ ਸਖ਼ਤੀ ਨਾਲ ਰੋਕ ਕੇ ਖ਼ਜ਼ਾਨੇ ਨੂੰ ਮਜ਼ਬੂਤ ਕਰਨਾ ਪਹਿਲੀ ਤਰਜੀਹ ਹੈ |
ਚੀਮਾ ਨੇ ਅੱਗੇ ਦਸਿਆ ਕਿ ਟੈਕਸੇਸਨ ਦਫ਼ਤਰ, ਪਟਿਆਲਾ ਵਿਖੇ ਸਾਰੀਆਂ ਨਵੀਆਂ ਤਕਨੀਕਾਂ ਅਤੇ ਡਾਟਾ ਵਿਸ਼ਲੇਸ਼ਣ ਵਿਧੀਆਂ ਨਾਲ ਲੈਸ ਰਾਜ ਪਧਰੀ ਸਹੂਲਤ ਸਥਾਪਤ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਜੀ.ਐਸ.ਟੀ ਪੋਰਟਲ, ਈ-ਵੇਅ ਬਿਲ ਪੋਰਟਲ, ਅਤੇ ਐਨ.ਐਚ.ਏ.ਆਈ. ਦੇ ਟੋਲ ਡੇਟਾ ਦੁਆਰਾ ਤਿਆਰ ਕੀਤੇ ਜਾ ਰਹੇ ਡੇਟਾ ਦੇ ਵਿਸ਼ਲੇਸ਼ਣ ਲਈ ਇਸ ਫੈਸਲਿਟੀ ਨੂੰ ਨਵੀਨਤਮ ਹਾਰਡਵੇਅਰ, ਸਾਫ਼ਟਵੇਅਰ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਟੂਲਜ ਨਾਲ ਲੈਸ ਕੀਤਾ ਜਾਵੇਗਾ | ਚੀਮਾ ਨੇ ਕਿਹਾ ਕਿ ਇਸ ਦਾ ਮੁੱਖ ਉਦੇਸ਼ ਟੈਕਸ ਚੋਰੀ ਕਰਨ ਵਾਲਿਆਂ, ਜਾਅਲੀ ਬਿਲਿੰਗ ਕਾਰੋਬਾਰ ਵਿਚ ਸਾਮਲ ਵਿਅਕਤੀਆਂ, ਜਾਅਲੀ ਇਨਪੁਟ ਟੈਕਸ ਕ੍ਰੈਡਿਟ ਇਕੱਠਾ ਕਰਨ ਆਦਿ ਦੀ ਪਛਾਣ ਕਰਨ ਅਤੇ ਉਨ੍ਹਾਂ 'ਤੇ ਸਖ਼ਤ ਕਾਰਵਾਈ ਕਰਨ 'ਤੇ ਜੋਰ ਦੇਣਾ ਹੋਵੇਗਾ |
ਰਾਜ ਦੇ ਮਾਲੀਏ ਵਿਚ ਸੁਧਾਰ ਲਈ ਭਵਿੱਖ ਦੀਆਂ ਯੋਜਨਾਵਾਂ ਅਤੇ ਕਾਰਵਾਈਆਂ ਦਾ ਪ੍ਰਗਟਾਵਾ ਕਰਦੇ ਹੋਏ, ਚੀਮਾ ਨੇ ਕਿਹਾ ਕਿ ਰਾਜ ਸਰਕਾਰ ਰਾਜ ਜੀ.ਐਸ.ਟੀ ਦੇ ਸਾਰੇ ਮੋਬਾਈਲ ਵਿੰਗਾਂ ਨੂੰ ਸਟੇਟ ਪ੍ਰੀਵੈਨਸਨ ਐਂਡ ਇੰਟੈਲੀਜੈਂਸ ਯੂਨਿਟ (ਐਸ.ਆਈ.ਪੀ.ਯੂ) ਵਿਚ ਬਦਲਣ ਲਈ ਵਿਭਾਗ ਦੇ ਪ੍ਰਸਤਾਵ 'ਤੇ ਕੰਮ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਐਸ.ਆਈ.ਪੀ.ਯੂ. ਦੀਆਂ ਰਾਜ ਦੇ ਵੱਖ-ਵੱਖ ਹਿੱਸਿਆਂ ਵਿਚ 9 ਵੱਖ-ਵੱਖ ਫ਼ੀਲਡ ਯੂਨਿਟਾਂ ਹੋਣਗੀਆਂ ਅਤੇ ਟੈਕਸੇਸਨ ਦਫ਼ਤਰ, ਪਟਿਆਲਾ ਵਿਖੇ ਇਕ ਕੇਂਦਰੀ ਯੂਨਿਟ ਹੋਵੇਗੀ | ਇਹ ਯੂਨਿਟ ਵਿਸੇਸ ਤੌਰ 'ਤੇ ਆਈ.ਟੀ.ਯੂ ਨਾਲ ਤਾਲਮੇਲ ਵਿਚ ਕੰਮ ਕਰਨਗੇ ਤਾਂ ਜੋ ਵੱਡੇ ਟੈਕਸ ਚੋਰਾਂ ਵਿਰੁਧ ਢੁਕਵੀਂ ਕਾਰਵਾਈ ਕੀਤੀ ਜਾ ਸਕੇ |
ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਐਨ.ਆਈ.ਸੀ ਦੁਆਰਾ ਬਣਾਏ ਗਏ ਨਵੀਨਤਮ ਡੇਟਾ ਵਿਸਲੇਸਣ ਟੂਲ ਜੀ.ਐਸ.ਟੀ ਪ੍ਰਾਈਮ ਦੀਆਂ ਸੇਵਾਵਾਂ ਦੀ ਵਰਤੋਂ ਕਰਨ ਦਾ ਵੀ ਫ਼ੈਸਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਜੀ.ਐਸ.ਟੀ ਪ੍ਰਾਈਮ ਵੱਖ-ਵੱਖ ਮਾਪਦੰਡਾਂ 'ਤੇ ਵਿਸ਼ੇਸ਼ ਡੇਟਾ ਵਿਸ਼ਲੇਸ਼ਣ ਰਿਪੋਰਟਾਂ ਬਣਾਉਣ ਵਿੱਚ ਮਦਦ ਕਰੇਗਾ ਅਤੇ ਇਨ੍ਹਾਂ ਰਿਪੋਰਟਾਂ ਦੇ ਅਨੁਸਾਰ ਸਖ਼ਤ ਕਾਰਵਾਈ ਸ਼ੁਰੂ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਵਿਭਾਗ ਨੇ ਅਸਲ ਕਰਦਾਤਾਵਾਂ ਨੂੰ ਮਾਰਗਦਰਸਨ ਅਤੇ ਸਹੂਲਤ ਦੇਣ ਲਈ ਬਹੁਤ ਸਾਰੀਆਂ ਗਤੀਵਿਧੀਆਂ ਵੀ ਕੀਤੀਆਂ ਹਨ ਤਾਂ ਜੋ ਉਹ ਅਪਣਾ ਕਾਰੋਬਾਰ ਵਧੀਆ ਤਰੀਕੇ ਨਾਲ ਕਰ ਸਕਣ |
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੀ ਸੂਬੇ ਦੀ ਵਿੱਤੀ ਸਿਹਤ ਵਿਚ ਸੁਧਾਰ ਲਈ ਵਚਨਬੱਧਤਾ ਨੂੰ ਦੁਹਰਾਉਂਦਿਆਂ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਹੁਣ ਤਕ ਨਿਯਮਤ ਨਿਰੀਖਣ, ਡਾਟਾ ਮਾਈਨਿੰਗ ਅਤੇ ਚੈਕਿੰਗ ਰਾਹੀਂ 250 ਕਰੋੜ ਤੋਂ ਵੱਧ ਦਾ ਮਾਲੀਆ ਇਕੱਠਾ ਕੀਤਾ, ਜਦੋਂ ਕਿ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਵਿਭਾਗ ਨੂੰ ਪਿਛਲੇ ਦੋ ਸਾਲਾਂ ਵਿਚ ਸਿਰਫ਼ 600 ਕਰੋੜ ਰੁਪਏ ਪ੍ਰਾਪਤ ਹੋਏ ਸਨ |
ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪਿਛਲੀ ਸਰਕਾਰ ਨੇ ਰਾਜ ਦੇ ਵਿੱਤ ਨੂੰ ਸੁਧਾਰਨ ਵਲ ਕੋਈ ਧਿਆਨ ਨਹੀਂ ਦਿਤਾ ਅਤੇ ਕੇਂਦਰ ਸਰਕਾਰ ਵਲੋਂ ਦਿਤੇ ਜਾ ਰਹੇ ਜੀਐਸਟੀ ਮੁਆਵਜ਼ੇ 'ਤੇ ਹੀ ਨਿਰਭਰ ਰਹੀ |