
'ਵਾਰਦਾਤ ਵਿਚ ਵਰਤੀ ਗਈ ਸਵਿਫਟ ਕਾਰ ਬਰਾਮਦ ਕਰ ਲਈ'
Punjab News: ਅੰਮ੍ਰਿਤਸਰ ਵਿਚ ਪੁਲਿਸ ਨੇ ਪੰਜ ਮੈਂਬਰੀ ਕਾਰ ਖੋਹਣ ਵਾਲੇ ਗਿਰੋਹ ਦੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਫੜੇ ਗਏ ਚਾਰ ਮੁਲਜ਼ਮਾਂ ਵਿਚੋਂ ਦੋ ਅਲੱਗ-ਅਲੱਗ ਏਐਸਆਈ ਦੇ ਮੁੰਡੇ ਹਨ। ਇਨ੍ਹਾਂ ਵਿਚੋਂ ਇੱਕ ਦਾ ਪਿਓ ਅੰਮ੍ਰਿਤਸਰ ਅਰਬਨ ਵਿਚ ਤਾਇਨਾਤ ਹੈ ਅਤੇ ਦੂਜੇ ਦਾ ਪਿਓ ਅੰਮ੍ਰਿਤਸਰ ਦਿਹਾਤੀ ਵਿਚ ਤਾਇਨਾਤ ਹੈ। ਫਿਲਹਾਲ ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਵਲੋਂ ਕੀਤੇ ਗੁਨਾਹਾਂ ਨੂੰ ਮਨਾਉਣ ਵਿਚ ਲੱਗੀ ਹੋਈ ਹੈ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਸਾਹਿਲ ਗਿੱਲ ਵਾਸੀ ਕੋਟ ਖਾਲਸਾ, ਗੁਰਪ੍ਰੀਤ ਸਿੰਘ ਵਾਸੀ ਇਸਲਾਮਾਬਾਦ, ਜਸ਼ਨਪ੍ਰੀਤ ਸਿੰਘ ਵਾਸੀ ਕੋਟ ਖਾਲਸਾ ਅਤੇ ਰਾਜਨਦੀਪ ਸਿੰਘ ਵਾਸੀ ਲੋਹਾਰਕਾ ਰੋਡ ਵਜੋਂ ਹੋਈ ਹੈ। ਜਦਕਿ ਇਨ੍ਹਾਂ ਦਾ ਪੰਜਵਾਂ ਸਾਥੀ ਬਬਲੂ ਵਾਸੀ ਇਸਲਾਮਾਬਾਦ ਅਜੇ ਫਰਾਰ ਹੈ।
ਇਹ ਘਟਨਾ 5 ਨਵੰਬਰ ਨੂੰ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਵਿਖੇ ਵਾਪਰੀ ਸੀ। ਵਰਿੰਦਾਵਨ ਗਾਰਡਨ 'ਚ ਰਹਿਣ ਵਾਲੇ ਅੰਕੁਰ ਸ਼ਰਮਾ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਹ ਰਾਤ ਕਰੀਬ ਡੇਡ ਵਜੇ ਰਣਜੀਤ ਐਵੀਨਿਊ 'ਚ ਖਾਣਾ ਖਾਣ ਆਇਆ ਸੀ। ਉਸ ਨੇ ਰਣਜੀਤ ਐਵੀਨਿਊ ਡੀ-ਬਲਾਕ ਵਿਖੇ ਸੇਲਟੋਸ ਕਾਰ ਵਿਚ ਕੁਝ ਖਾਣਾ ਖਾਧਾ ਸੀ। ਉਦੋਂ ਦਿੱਲੀ ਨੰਬਰ ਦੀ ਸਵਿਫਟ ਕਾਰ ਉਸ ਦੇ ਕੋਲ ਆ ਕੇ ਰੁਕੀ।
ਅੰਕੁਰ ਨੇ ਦੱਸਿਆ ਕਿ ਖਾਣਾ ਖਾਣ ਤੋਂ ਬਾਅਦ ਉਹ ਬਿੱਲ ਦਾ ਭੁਗਤਾਨ ਕਰਨ ਲਈ ਰੈਸਟੋਰੈਂਟ ਚਲਾ ਗਿਆ ਸੀ ਪਰ ਉਸ ਦੀ ਕਾਰ ਸਟਾਰਟ ਹੋ ਗਈ ਅਤੇ ਸਾਇਰਨ ਵੱਜਣ ਲੱਗ ਪਿਆ । ਜਦੋਂ ਉਸ ਨੇ ਚੈੱਕ ਕੀਤਾ ਤਾਂ ਵੇਖਿਆ ਕਿ ਕਾਰ ਦੀਆਂ ਚਾਬੀਆਂ ਉਸ ਦੀ ਜੇਬ ਵਿਚ ਸਨ ਤਾਂ ਭੱਜ ਕੇ ਕਾਰ ਵੱਲ ਆਇਆ। ਇਸ ਤੋਂ ਬਾਅਦ ਮੁਲਜ਼ਮਾਂ ਨੇ ਕਾਰ ਦੀ ਚਾਬੀ ਖੋਹੀ ਅਤੇ ਉਸ ਦੀ ਕੁੱਟਮਾਰ ਕੀਤੀ ਤੇ ਕਾਰ ਆਪਣੇ ਨਾਲ ਲੈ ਗਏ। ਜਦੋਂ ਮੁਲਜ਼ਮਾਂ ਨੇ ਕਾਰ ਚੋਰੀ ਕੀਤੀ ਤਾਂ ਉਸ ਦਾ ਐਪਲ ਮੋਬਾਈਲ ਵੀ ਕਾਰ ਵਿਚ ਪਿਆ ਸੀ।
ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਬੀਤੀ ਰਾਤ ਤੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਮੋਬਾਈਲ ਫੋਨ ਕਾਰ 'ਚ ਹੋਣ ਕਾਰਨ ਪੁਲਿਸ ਨੂੰ ਮੁਲਜ਼ਮਾਂ ਦੀ ਲੋਕੇਸ਼ਨ ਦੀ ਜਾਣਕਾਰੀ ਮਿਲੀ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਨੇ ਖੋਹੀ ਗਈ ਸੈਲਟੋਸ ਕਾਰ ਅਤੇ ਵਾਰਦਾਤ ਵਿਚ ਵਰਤੀ ਗਈ ਸਵਿਫਟ ਕਾਰ ਬਰਾਮਦ ਕਰ ਲਈ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।
(For more news apart from Steal cars in collaboration with policemen's sons, stay tuned to Rozana Spokesman)