
ਭਾਜਪਾ-ਕਾਂਗਰਸ ਕਾਰਕੁਨ ਭਿੜੇ
ਜੈਪੁਰ, 8 ਦਸੰਬਰ : ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਭਾਰਤ ਬੰਦ ਦੌਰਾਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਜਤਾਉਣ ਆਏ ਭਾਰਤੀ ਰਾਸ਼ਟਰੀ ਵਿਦਿਆਰਥੀ ਸੰਗਠਨ (ਐੱਨ.ਐੱਸ.ਯੂ.ਆਈ.) ਕਾਰਕੁਨਾਂ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਯੂਥ ਮੋਰਚਾ ਵਰਕਰਾਂ ਨਾਲ ਮੰਗਲਵਾਰ ਨੂੰ ਝੜਪ ਹੋ ਗਈ। ਐੱਨ.ਐੱਸ.ਯੂ.ਆਈ. ਦੇ ਪ੍ਰਦੇਸ਼ ਪ੍ਰਧਾਨ ਅਭਿਸ਼ੇਕ ਚੌਧਰੀ ਦੀ ਅਗਵਾਈ 'ਚ ਐੱਨ.ਐੱਸ.ਯੂ.ਆਈ. ਦੇ ਵਰਕਰ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਅਤੇ ਭਾਰਤ ਬੰਦ ਦੇ ਸਮਰਥਨ 'ਚ ਭਾਜਪਾ ਦੇ ਪ੍ਰਦੇਸ਼ ਦਫ਼ਤਰ ਦੇ ਸਾਹਮਣੇ ਪ੍ਰਦਰਸ਼ਨ ਕਰਨ ਪਹੁੰਚੇ ਅਤੇ ਨਾਹਰੇਬਾਜ਼ੀ ਕਰ ਕੇ ਪ੍ਰਦਰਸ਼ਨ ਕਰਨ ਲੱਗੇ। ਇਸ ਦੌਰਾਨ ਉੱਥੇ ਪਹਿਲਾਂ ਤੋਂ ਮੌਜੂਦ ਭਾਜਪਾ ਯੂਥ ਮੋਰਚਾ ਦੇ ਵਰਕਰਾਂ ਨਾਲ ਉਨ੍ਹਾਂ ਦਾ ਟਕਰਾਅ ਹੋ ਗਿਆ। ਐੱਨ.ਐੱਸ.ਯੂ.ਆਈ. ਅਤੇ ਭਾਜਪਾ ਯੂਥ ਮੋਰਚਾ ਦੇ ਵਰਕਰਾਂ 'ਚ ਝੜਪ ਹੋਣ 'ਤੇ ਪੁਲਿਸ ਨੇ ਵਿਚ-ਬਚਾਅ ਕੀਤਾ ਅਤੇ ਦੋਹਾਂ ਦੇ ਵਰਕਰਾਂ ਨੂੰ ਵੱਖ ਕੀਤਾ। ਬਾਅਦ 'ਚ ਪੁਲਿਸ ਨੇ ਐੱਨ.ਐੱਸ.ਯੂ.ਆਈ. ਦੇ ਵਰਕਰਾਂ ਨੂੰ ਮੌਕੇ 'ਤੇ ਦੌੜਾ ਦਿਤਾ। ਦੂਜੇ ਪਾਸੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਡਾ. ਸਤੀਸ਼ ਪੂਨੀਆਂ ਨੇ ਇਸ 'ਤੇ ਅਪਣੀ ਪ੍ਰਤੀਕਿਰਿਆ 'ਚ ਕਿਹਾ, ''ਇਹ ਕਿਹੋ ਜਿਹਾ ਬੰਦ ਅਤੇ ਪ੍ਰਦਰਸ਼ਨ ਹੈ, ਕਿਸ ਗੱਲ ਦੀ ਬੌਖਲਾਹਟ ਹੈ, ਅਸ਼ੋਕ ਗਹਿਲੋਤ ਜੀ ਭਾਜਪਾ ਰਾਜਸਥਾਨ ਦੇ ਪ੍ਰਦੇਸ਼ ਦਫ਼ਤਰ 'ਤੇ ਪੁਲਿਸ ਦੀ ਮੌਜੂਦਗੀ 'ਚ ਕਾਂਗਰਸ ਦੇ ਗੁੰਡਿਆਂ ਵਲੋਂ ਪਥਰਾਅ ਕੀਤਾ ਜਾ ਰਿਹਾ ਹੈ। ਕਿੱਥੇ ਗਿਆ ਤੁਹਾਡਾ ਲੋਕਤੰਤਰ ਅਤੇ ਸੁਸ਼ਾਸਨ, ਇੰਨਾ ਘਮੰਡ ਠੀਕ ਨਹੀਂ ਹੈ।'' (ਪੀਟੀਆਈ)