
ਮੋਦੀ ਸਰਕਾਰ ਜ਼ਿੱਦ ਛਡੇ ਅਤੇ ਖੇਤੀ ਦੇ ਉਜਾੜੇ ਵਾਲੇ ਕਾਨੂੰਨਾਂ ਨੂੰ ਤੁਰਤ ਰੱਦ ਕਰੇ : ਦਲ ਖ਼ਾਲਸਾ
ਅੰਮ੍ਰਿਤਸਰ, 8 ਦਸੰਬਰ (ਸੁਰਜੀਤ ਸਿੰਘ ਖ਼ਾਲਸਾ): ਦਲ ਖ਼ਾਲਸਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਿੱਦ ਛੱਡਣ ਅਤੇ ਕਿਸਾਨ ਦੀਆਂ ਹੱਕੀ ਮੰਗਾਂ ਮੰਨਦੇ ਹੋਏ ਤਿੰਨੇ ਵਿਵਾਦਤ ਖੇਤੀ ਕਾਨੂੰਨ ਰੱਦ ਕਰਨ।
ਦਲ ਖ਼ਾਲਸਾ ਨੇ ਇਹ ਗੱਲ ਭਾਰਤ ਸਰਕਾਰ ਅਤੇ ਕਿਸਾਨ ਸੰਗਠਨਾਂ ਵਿਚਾਲੇ ਦਿੱਲੀ ਵਿਚ ਹੋਣ ਵਾਲੀ ਮੀਟਿੰਗ ਦੇ ਮੱਦੇਨਜ਼ਰ ਆਖੀ। ਭਾਰਤ ਬੰਦ ਦੇ ਸੱਦੇ ਦੇ ਸਬੰਧ ਵਿਚ ਦਲ ਖ਼ਾਲਸਾ ਦੇ ਕਾਰਜਕਰਤਾ ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਦੀ ਅਗਵਾਈ ਹੇਠ ਭੰਡਾਰੀ ਪੁਲ ਉਤੇ ਕਿਸਾਨਾਂ ਦੀ ਰੈਲੀ ਵਿਚ ਸ਼ਾਮਲ ਹੋਣ ਲਈ ਪੁਹੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੰਵਰਪਾਲ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੇ ਤਾਨਾਸ਼ਾਹੀ ਰਵਈਏ ਕਾਰਨ ਦੇਸ਼ ਅੰਦਰ ਲੋਕ ਸੜਕਾਂ 'ਤੇ ਉਤਰ ਕੇ ਕਿਸਾਨ ਅੰਦੋਲਨ ਦੇ ਹੱਕ ਵਿਚ ਖੜੇ ਹਨ।
ਪਰਮਜੀਤ ਸਿੰਘ ਮੰਡ ਦੀ ਅਗਵਾਈ ਹੇਠ ਸਿੱਖ ਯੂਥ ਆਫ਼ ਪੰਜਾਬ ਦੇ ਨੌਜਵਾਨਾਂ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਹੱਥਾਂ ਵਿਚ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨਾਂ ਉਤੇ ਲਿਖਿਆ ਸੀ ਖੇਤੀ ਉਜਾੜ ਕਾਨੂੰਨ ਰੱਦ ਅਤੇ ਮੋਦੀ ਸਰਕਾਰ ਹਉਮੇ-ਹੰਕਾਰ ਛੱਡੇ ਅਤੇ ਕਾਲੇ ਕਾਨੂੰਨ ਵਾਪਸ ਲਵੇ। ਯੂਥ ਆਗੂ ਪਰਮਜੀਤ ਸਿੰਘ ਟਾਂਡਾ ਨੇ ਬੰਦ ਦੀ ਕਾਮਯਾਬੀ ਉਤੇ ਟਿਪਣੀ ਕਰਦਿਆਂ ਕਿਹਾ ਕਿ ਇਹ ਮੋਦੀ ਸਰਕਾਰ ਦੇ ਅੜੀਅਲ ਰਵਈਏ ਵਿਰੁਧ ਲੋਕਾਂ ਦਾ ਫ਼ਤਵਾਂ ਹੈ।