
ਜੰਮੂ 'ਚ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁਧ ਪ੍ਰਦਰਸ਼ਨ, ਆਵਾਜਾਈ ਰਹੀ ਠੱਪ
ਜੰਮੂ, 8 ਦਸੰਬਰ (ਸਰਬਜੀਤ ਸਿੰਘ) : ਜੰਮੂ 'ਚ ਮੰਗਲਵਾਰ ਨੂੰ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁਧ ਵਿਰੋਧ ਪ੍ਰਦਰਸ਼ਨ ਦੌਰਾਨ ਲੋਕ ਸੜਕਾਂ 'ਤੇ ਉਤਰ ਆਏ ਅਤੇ ਭਾਰਤ ਬੰਦ ਦੌਰਾਨ ਵਪਾਰਕ ਵਾਹਨ ਸੜਕਾਂ ਤੋਂ ਗਾਇਬ ਰਹੇ। ਜੰਮੂ-ਕਸ਼ਮੀਰ ਟਰਾਂਸਪੋਰਟਰਜ਼ ਨੇ ਸੋਮਵਾਰ ਨੂੰ ਤਿੰਨ ਨਵੇਂ ਕਿਸਾਨ ਕਾਨੂੰਨਾਂ ਦੇ ਵਿਰੋਧ 'ਚ ਭਾਰਤ ਬੰਦ ਦੀ ਅਪੀਲ 'ਚ ਅਪਣੇ ਸਮਰਥਨ ਦਾ ਐਲਾਨ ਕੀਤਾ ਸੀ। ਪ੍ਰਦਰਸ਼ਨਕਾਰੀ ਹਾਲਾਂਕਿ ਕਈ ਥਾਂਵਾਂ 'ਤੇ ਸੜਕਾਂ ਦੇ ਵਿਚੋ-ਵਿਚ ਬੈਠ ਗਏ ਅਤੇ ਨਾਹਰੇਬਾਜ਼ੀ ਕਰਦੇ ਨਜ਼ਰ ਆਏ। ਡਿਗਿਆਨਾ ਖੇਤਰ ਕੋਲ ਸੈਂਕੜੇ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਜੰਮੂ-ਪਠਾਨਕੋਟ ਰਾਸ਼ਟਰੀ ਰਾਜਮਾਰਗ ਨੂੰ 'ਕੀਰਤਨ' ਦੇ ਨਾਲ ਮਾਰਗਾਂ ਨੂੰ ਰੋਕ ਦਿਤਾ।
ਪ੍ਰਦਰਸ਼ਨਕਾਰੀ ਕਿਸਾਨ ਵਿਰੋਧੀ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਸਰਕਾਰ ਵਿਰੁਧ ਤਖ਼ਤੀਆਂ, ਬੋਰਡ ਅਤੇ ਬੈਨਰਾਂ ਨੂੰ ਵੀ ਫੜੇ ਹੋਏ ਦਿਖਾਈ ਦਿਤੇ। ਰਾਜਮਾਰਗ 'ਚ ਨਿੱਜੀ ਵਾਹਨਾਂ ਦਾ ਲੰਮਾ ਜਾਮ ਲੱਗਾ ਰਿਹਾ। ਇਸ ਦੌਰਾਨ ਕਈ ਥਾਂਵਾਂ 'ਤੇ ਕਿਸਾਨਾਂ ਦੇ ਸਮਰਥਨ 'ਚ ਸਰਕਾਰ ਵਿਰੋਧੀ ਨਾਹਰੇ, ਪ੍ਰਦਰਸ਼ਨ ਅਤੇ ਰੈਲੀਆਂ ਕੱਢੀਆਂ ਗਈਆਂ। ਆਲ ਜੰਮੂ ਕਸ਼ਮੀਰ ਟਰਾਂਸਪੋਰਟਰਜ਼ ਐਸੋਸੀਏਸ਼ਨ ਵਲੋਂ ਕਿਸਾਨਾਂ ਦੇ ਸਮਰਥਨ 'ਚ ਬੰਦ ਦੀ ਅਪੀਲ ਨਾਲ ਸੜਕਾਂ 'ਤੇ ਵਣਜ ਵਾਹਨ ਗਾਇਬ ਰਹੇ। ਪ੍ਰਦਰਸ਼ਨ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਜੰਮੂ ਸ਼ਹਿਰ 'ਚ ਪੁਲਿਸ ਅਤੇ ਨੀਮ ਫ਼ੌਜੀ ਫੋਰਸਾਂ ਨੂੰ ਤਾਇਨਾਤ ਕੀਤਾ ਗਿਆ। (ਪੀਟੀਆਈ)