
Shambhu Border News : ਕਿਹਾ, ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਭਾਰ 11 ਕਿਲੋ ਘੱਟ ਹੋ ਗਿਆ ਹੈ ਪਰ ਸਰਕਾਰ ਨੀਂਦ ਤੋਂ ਨਹੀਂ ਜਾਗ ਰਹੀ
Shambhu Border News : ਪੰਜਾਬ ਦੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨਾਂ ਦਾ ਕੋਈ ਵੀ ਜਥਾ ਮੰਗਲਵਾਰ ਨੂੰ ਦਿੱਲੀ ਵਲ ਪੈਦਲ ਮਾਰਚ ਨਹੀਂ ਕਰੇਗਾ। ਪੰਧੇਰ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਮੀਟਿੰਗ ’ਚ ਅਪਣੀ ਅਗਲੀ ਕਾਰਵਾਈ ਬਾਰੇ ਫੈਸਲਾ ਕਰਨਗੇ। ਪੰਧੇਰ ਨੇ ਕਿਹਾ, ‘‘ਕੱਲ੍ਹ ਕੋਈ ਜਥਾ ਨਹੀਂ ਜਾਵੇਗਾ।’’ਪ੍ਰਦਰਸ਼ਨਕਾਰੀ ਕਿਸਾਨਾਂ ਨੇ ਐਤਵਾਰ ਨੂੰ ਸ਼ੰਭੂ ਬਾਰਡਰ ਤੋਂ ਦਿੱਲੀ ਵਲ ਅਪਣਾ ਪੈਦਲ ਮਾਰਚ ਮੁਲਤਵੀ ਕਰ ਦਿਤਾ ਕਿਉਂਕਿ ਹਰਿਆਣਾ ਦੇ ਸੁਰੱਖਿਆ ਕਰਮਚਾਰੀਆਂ ਵਲੋਂ ਅੱਥਰੂ ਗੈਸ ਦੇ ਗੋਲੇ ਬਾਗੇ ਗਏ ਸਨ, ਜਿਸ ਕਾਰਨ ਪ੍ਰਦਰਸ਼ਨਕਾਰੀਆਂ ਵਲੋਂ ਪੰਜਾਬ-ਹਰਿਆਣਾ ਸਰਹੱਦ ਪਾਰ ਕਰਨ ਦੀ ਇਕ ਹੋਰ ਕੋਸ਼ਿਸ਼ ਨੂੰ ਅਸਫਲ ਕਰ ਦਿਤਾ ਗਿਆ ਸੀ।
ਪੰਧੇਰ ਨੇ ਸੋਮਵਾਰ ਨੂੰ ਸ਼ੰਭੂ ਅਤੇ ਖਨੌਰੀ ਸਰਹੱਦੀ ਬਿੰਦੂਆਂ ’ਤੇ ਵੱਖਰੇ ਤੌਰ ’ਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਕਿਸਾਨਾਂ ਵਲੋਂ ਕੌਮੀ ਰਾਜਧਾਨੀ ਵਲ ਪੈਦਲ ਮਾਰਚ ਕਰਨ ਦੇ ਫੈਸਲੇ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਉਲਝ’ ਚੁਕੀ ਹੈ। ਉਨ੍ਹਾਂ ਕਿਹਾ, ‘‘ਹੁਣ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਕਹਿ ਰਹੇ ਹਨ ਕਿ ਕਿਸਾਨਾਂ ਨੂੰ ਹੋਰ ਗੱਡੀਆਂ ਰਾਹੀਂ ਆਉਣਾ ਚਾਹੀਦਾ ਹੈ। ਜਦੋਂ ਖੱਟਰ ਹਰਿਆਣਾ ਦੇ ਮੁੱਖ ਮੰਤਰੀ ਸਨ ਤਾਂ ਉਹ ਕਹਿੰਦੇ ਸਨ ਕਿ ਕਿਸਾਨਾਂ ਨੂੰ ਪੈਦਲ ਆਉਣਾ ਚਾਹੀਦਾ ਹੈ।’’
ਉਨ੍ਹਾਂ ਅੱਗੇ ਕਿਹਾ ਕਿ ਪਹਿਲਾਂ ਪੂਰੀ ਭਾਜਪਾ ਟਰੈਕਟਰ ਟਰਾਲੀਆਂ ਰਾਹੀਂ ਦਿੱਲੀ ਜਾਣ ਵਾਲੇ ਕਿਸਾਨਾਂ ’ਤੇ ਇਤਰਾਜ਼ ਕਰ ਰਹੀ ਸੀ। ਸਰਕਾਰ ਇਸ ਗੱਲ ਨੂੰ ਲੈ ਕੇ ਉਲਝਣ ’ਚ ਹੈ ਕਿ ਕੀ ਕਹਿਣਾ ਹੈ ਅਤੇ ਕੀ ਨਹੀਂ। ਇਸ ਨਾਲ ਲੋਕਾਂ ’ਚ ਸਰਕਾਰ ਦੀ ਭਰੋਸੇਯੋਗਤਾ ਘੱਟ ਰਹੀ ਹੈ। ਖਨੌਰੀ ’ਚ ਪੰਧੇਰ ਨੇ ਖੱਟਰ ਦੇ ਬਿਆਨ ਦੀ ਨਿੰਦਾ ਕੀਤੀ।
ਪੰਧੇਰ ਨੇ ਕਿਹਾ, ‘‘ਇਕ ਹੋਰ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਹ ਪੈਦਲ ਦਿੱਲੀ ਆਉਣ ਵਾਲੇ ਕਿਸਾਨਾਂ ਦਾ ਸਵਾਗਤ ਕਰਨਗੇ। ਹਰਿਆਣਾ ਦੇ ਖੇਤੀਬਾੜੀ ਮੰਤਰੀ ਵੀ ਕਹਿ ਰਹੇ ਸਨ ਕਿ ਉਹ ਪੈਦਲ ਆਉਣ ਵਾਲੇ ਕਿਸਾਨਾਂ ਦਾ ਸਵਾਗਤ ਕਰਨਗੇ, ਜਦਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕਿਸਾਨਾਂ ਨੂੰ ਕਹਿ ਰਹੇ ਹਨ ਕਿ ਉਹ ਉੱਥੇ ਜਾਣ ਤੋਂ ਪਹਿਲਾਂ ਦਿੱਲੀ ਪੁਲਿਸ ਤੋਂ ਇਜਾਜ਼ਤ ਲੈਣ।’’
ਉਨ੍ਹਾਂ ਕਿਹਾ ਕਿ ਉਹ ਚਾਹੇ ਕੇਂਦਰੀ ਮੰਤਰੀ ਹੋਣ ਜਾਂ ਹਰਿਆਣਾ ਦੇ ਮੰਤਰੀ, ਉਹ ਉਲਝਣ ’ਚ ਹਨ ਕਿ ਉਨ੍ਹਾਂ ਨੂੰ ਕੀ ਬਿਆਨ ਦੇਣਾ ਹੈ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਜ਼ਿਕਰ ਕਰਦਿਆਂ ਪੰਧੇਰ ਨੇ ਕਿਹਾ ਕਿ ਉਨ੍ਹਾਂ ਦਾ ਭਾਰ 11 ਕਿਲੋ ਘੱਟ ਹੋ ਗਿਆ ਹੈ ਪਰ ਸਰਕਾਰ ਨੀਂਦ ਤੋਂ ਨਹੀਂ ਜਾਗ ਰਹੀ।
ਉਨ੍ਹਾਂ ਕਿਹਾ ਕਿ ਸਰਕਾਰ ਅਸਲ ਮੁੱਦੇ ਨੂੰ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਬਹਿਸ ’ਤੇ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸਾਨ ਦਿੱਲੀ ਆਉਣ ਲਈ ਕਿਹੜੇ ਗੱਡੀਆਂ ਦੀ ਵਰਤੋਂ ਕਰਦੇ ਹਨ ਅਤੇ ਉਨ੍ਹਾਂ ਨੂੰ ਉੱਥੇ ਜਾਣ ਲਈ ਕਿਹੜਾ ਤਰੀਕਾ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਮੈਂ ਅੱਜ ਡੱਲੇਵਾਲ ਜੀ ਨੂੰ ਮਿਲਿਆ ਹਾਂ। ਉਹ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੋਣ ਤਕ ਅਪਣੀ ਭੁੱਖ ਹੜਤਾਲ ਜਾਰੀ ਰਖਣਗੇ।’’
ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਬੈਨਰ ਹੇਠ 101 ਕਿਸਾਨਾਂ ਦੇ ਜਥੇ ਨੇ 6 ਅਤੇ 8 ਦਸੰਬਰ ਨੂੰ ਪੈਦਲ ਦਿੱਲੀ ਜਾਣ ਦੀ ਦੋ ਕੋਸ਼ਿਸ਼ਾਂ ਕੀਤੀਆਂ ਸਨ ਪਰ ਹਰਿਆਣਾ ਦੇ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਅੱਗੇ ਵਧਣ ਦੀ ਇਜਾਜ਼ਤ ਨਹੀਂ ਦਿਤੀ ।
ਦਿੱਲੀ ਵਲ ਮਾਰਚ ਨੂੰ ਸੁਰੱਖਿਆ ਬਲਾਂ ਵਲੋਂ ਰੋਕੇ ਜਾਣ ਤੋਂ ਬਾਅਦ ਕਿਸਾਨ 13 ਫ਼ਰਵਰੀ ਤੋਂ ਪੰਜਾਬ ਅਤੇ ਹਰਿਆਣਾ ਦਰਮਿਆਨ ਸ਼ੰਭੂ ਅਤੇ ਖਨੌਰੀ ਸਰਹੱਦਾਂ ’ਤੇ ਡੇਰਾ ਲਾ ਏ ਹੋਏ ਹਨ।
ਕਿਸਾਨਾਂ ਨੇ ਪਹਿਲਾਂ 13 ਫ਼ਰਵਰੀ ਅਤੇ 21 ਫ਼ਰਵਰੀ ਨੂੰ ਦਿੱਲੀ ਵਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਸਰਹੱਦੀ ਬਿੰਦੂਆਂ ’ਤੇ ਤਾਇਨਾਤ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਰੋਕ ਦਿਤਾ ਸੀ।
ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਤੋਂ ਇਲਾਵਾ, ਕਿਸਾਨ ਕਰਜ਼ਾ ਮੁਆਫੀ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਪੈਨਸ਼ਨ, ਬਿਜਲੀ ਦਰਾਂ ’ਚ ਕੋਈ ਵਾਧਾ ਨਾ ਕਰਨ, ਪੁਲਿਸ ਕੇਸ ਵਾਪਸ ਲੈਣ ਅਤੇ 2021 ਲਖੀਮਪੁਰ ਖੇਰੀ ਹਿੰਸਾ ਦੇ ਪੀੜਤਾਂ ਲਈ ‘‘ਨਿਆਂ‘‘ ਦੀ ਮੰਗ ਕਰ ਰਹੇ ਹਨ।
ਭੂਮੀ ਪ੍ਰਾਪਤੀ ਐਕਟ, 2013 ਦੀ ਬਹਾਲੀ ਅਤੇ 2020-21 ’ਚ ਪਿਛਲੇ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਵਾਰਾਂ ਨੂੰ ਮੁਆਵਜ਼ਾ ਵੀ ਉਨ੍ਹਾਂ ਦੀਆਂ ਮੰਗਾਂ ਦਾ ਹਿੱਸਾ ਹੈ।
‘ਖਨੌਰੀ ਵਿਖੇ ਕੋਈ ਚੁੱਲ੍ਹਾ ਨਹੀਂ ਬਲੇਗਾ’
ਕਿਸਾਨ ਆਗੂ ਸੁਖਜੀਤ ਸਿੰਘ ਨੇ ਕਿਹਾ ਕਿ ਡੱਲੇਵਾਲ ਨਾਲ ਇਕਜੁੱਟਤਾ ਵਿਖਾਉਂਦੇ ਹੋਏ ਖਨੌਰੀ ਵਿਖੇ ਕਿਸਾਨਾਂ ਵਲੋਂ ਮੰਗਲਵਾਰ ਨੂੰ ਕੋਈ ਖਾਣਾ ਨਹੀਂ ਪਕਾਇਆ ਜਾਵੇਗਾ। ਇਸ ਤੋਂ ਪਹਿਲਾਂ ਪੰਧੇਰ ਨੇ ਪੰਜਾਬ ਪੁਲਿਸ ਨੂੰ ਚੇਤਾਵਨੀ ਦਿਤੀ ਕਿ ਉਹ 26 ਨਵੰਬਰ ਦੀ ਘਟਨਾ ਨੂੰ ਦੁਹਰਾਉਣ ਦੀ ਕੋਸ਼ਿਸ਼ ਨਾ ਕਰੇ ਜਦੋਂ ਉਨ੍ਹਾਂ ਨੇ ਡੱਲੇਵਾਲ ਨੂੰ ਮਰਨ ਵਰਤ ਸ਼ੁਰੂ ਕਰਨ ਤੋਂ ਕੁੱਝ ਘੰਟੇ ਪਹਿਲਾਂ ਖਨੌਰੀ ਬਾਰਡਰ ਪੁਆਇੰਟ ਤੋਂ ਜ਼ਬਰਦਸਤੀ ਹਟਾ ਦਿਤਾ ਸੀ। ਪੰਧੇਰ ਕਿਹਾ ਕਿ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਖਨੌਰੀ ਬਾਰਡਰ ਪੁਆਇੰਟ ’ਤੇ ਡੱਲੇਵਾਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਉਸ ਦੀ ਸਿਹਤ ਨੂੰ ਲੈ ਕੇ ਚਿੰਤਤ ਹਨ। ਪੰਧੇਰ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਸੱਚਮੁੱਚ ਕਿਸਾਨਾਂ ਬਾਰੇ ਚਿੰਤਤ ਹੈ ਤਾਂ ਉਸ ਨੂੰ ਕੇਂਦਰ ’ਤੇ ਦਬਾਅ ਬਣਾਉਣਾ ਚਾਹੀਦਾ ਹੈ।
ਗੱਡੀਆਂ ’ਤੇ ਦਿੱਲੀ ਚਲੇ ਜਾਣ ਕਿਸਾਨ : ਕੇਂਦਰੀ ਮੰਤਰੀ ਖੱਟਰ
ਸੋਮਵਾਰ ਨੂੰ ਕਰਨਾਲ ’ਚ ਕੇਂਦਰੀ ਮੰਤਰੀ ਖੱਟਰ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਬਾਰੇ ਪੁੱਛੇ ਜਾਣ ’ਤੇ ਕਿਹਾ, ‘‘ਕੋਈ ਵੀ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਨਹੀਂ ਰੋਕ ਰਿਹਾ ਪਰ ਇਕ ਰਸਤਾ ਹੈ। ਇਸ ਤਰ੍ਹਾਂ ਦਾ ਵਿਰੋਧ ਕਰਨ ਦਾ ਕੋਈ ਫਾਇਦਾ ਨਹੀਂ ਹੈ।’’ ਜਦ ਉਨ੍ਹਾਂ ਨੂੰ ਪੁਛਿਆ ਗਿਆ ਕਿ ਕਿਸਾਨ ਪੈਦਲ ਜਾ ਰਹੇ ਹਨ ਤਾਂ ਉਨ੍ਹਾਂ ਨੇ ਕਿਸਾਨਾਂ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ, ‘‘ਬਹੁਤ ਸਾਰੀਆਂ ਗੱਡੀਆਂ ਹਨ, ਉਹ ਉਨ੍ਹਾਂ ਦੀ ਵਰਤੋਂ ਕਰ ਕੇ ਜਾ ਸਕਦੇ ਹਨ।’’
(For more news apart from After the decision march on foot, central government is 'confused': Sarwan Singh Pandher News in Punjabi, stay tuned to Rozana Spokesman)