
ਡਿਪਟੀ ਕਮਿਸ਼ਨਰ ਨੇ ਆਜ਼ਾਦ, ਨਿਰਪੱਖ ਤੇ ਪਾਰਦਰਸ਼ੀ ਚੋਣਾਂ ਕਰਵਾਉਣ ਦੀ ਵਚਨਬੱਧਤਾ ਦੁਹਰਾਈ
ਜਲੰਧਰ : ਰਾਜ ਚੋਣ ਕਮਿਸ਼ਨ ਵੱਲੋਂ 21 ਦਸੰਬਰ ਨੂੰ ਕਰਵਾਈਆਂ ਜਾਣ ਵਾਲੀਆਂ ਨਗਰ ਨਿਗਮ ਜਲੰਧਰ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਪਹਿਲੇ ਦਿਨ ਕਿਸੇ ਵੀ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤੇ ਗਏ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਸ਼ਹਿਰ ਵਿੱਚ ਨਾਮਜ਼ਦਗੀਆਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਰਾਜ ਚੋਣ ਕਮਿਸ਼ਨ ਵੱਲੋਂ 12 ਰਿਟਰਨਿੰਗ ਅਫ਼ਸਰ ਅਤੇ 12 ਸਹਾਇਕ ਰਿਟਰਨਿੰਗ ਅਫ਼ਸਰ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 1-7 ਲਈ ਨਾਮਜ਼ਦਗੀ ਪੱਤਰ ਕਾਰਜਕਾਰੀ ਇੰਜੀਨੀਅਰ ਜਲੰਧਰ ਇੰਪਰੂਵਮੈਂਟ ਟਰੱਸਟ ਵੱਲੋਂ ਜੇ.ਆਈ.ਟੀ.ਜਲੰਧਰ ਵਿਖੇ ਪ੍ਰਾਪਤ ਕੀਤੇ ਜਾਣਗੇ। ਇਸੇ ਤਰ੍ਹਾਂ ਵਾਰਡ 8-14 ਲਈ ਕਾਗਜ਼ ਵਾਤਾਵਰਣ ਇੰਜੀਨੀਅਰ ਪੀ.ਪੀ.ਸੀ.ਬੀ. ਜਤਿੰਦਰ ਸੋਨੀ ਵੱਲੋਂ ਖੇਤਰੀ ਦਫ਼ਤਰ ਪੀ.ਪੀ.ਸੀ.ਬੀ. ਦੂਜੀ ਮੰਜ਼ਿਲ ਮਿਡਲੈਂਡ ਫਾਈਨਾਂਸ ਸੈਂਟਰ ਵਿਖੇ, ਵਾਰਡ 14-21 ਲਈ ਈ.ਈ. ਬਿਸਤ ਦੁਆਬ ਕੈਨਾਲ ਦਵਿੰਦਰ ਸਿੰਘ ਵੱਲੋਂ ਕਪੂਰਥਲਾ ਚੌਕ ਨੇੜੇ ਆਪਣੇ ਦਫ਼ਤਰ ਬਿਸਤ ਦੁਆਬ ਕੈਨਾਲ ਵਿਖੇ, ਵਾਰਡ 22-28 ਲਈ ਈਈ ਪਬਲਿਕ ਹੈਲਥ ਵੱਲੋਂ ਜੇ.ਡੀ.ਏ. ਵਿਖੇ ਵਾਰਡ 29-35 ਲਈ ਈ.ਈ. ਵਾਟਰ ਸਪਲਾਈ ਅਤੇ ਸੈਨੀਟੇਸ਼ਨ ਜਸਕਰਨ ਸਿੰਘ ਵੱਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਮੈਨਬਰੋ ਚੌਂਕ ਵਿਖੇ, ਵਾਰਡ 36-42 ਲਈ ਈ.ਈ. ਮਾਈਨਿੰਗ ਸਰਤਾਜ ਸਿੰਘ ਕਪੂਰਥਲਾ ਚੌਕ ਵਿਖੇ ਮਾਈਨਿੰਗ ਅਤੇ ਜੀਓਲੋਜੀ ਦੇ ਦਫ਼ਤਰ ਵਿਖੇ, ਵਾਰਡ 43-49 ਲਈ ਈਈ ਸਿਵਲ ਜੇਡੀਏ ਚਰਨਜੀਤ ਸਿੰਘ ਬੱਚਤ ਭਵਨ ਡੀਸੀ ਕੰਪਲੈਕਸ ਵਿਖੇ, ਵਾਰਡ 50-56 ਲਈ ਈਈ ਇਲੈਕਟ੍ਰਿਕ ਡਵੀਜ਼ਨ ਪੀ.ਡਬਲਯੂ.ਡੀ. ਰਾਜੇਸ਼ ਚਾਨਨਾ ਵੱਲੋਂ ਪੀ.ਡਬਲਯੂ.ਡੀ, ਬੀ ਐਂਡ ਆਰ ਕੈਂਪਸ ਜਲੰਧਰ ਕੈਂਟ ਰੋਡ ਵਿਖੇ, ਵਾਰਡ 57-63 ਲਈ ਈਈ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਨਵਜੋਤ ਸਿੰਘ ਵੱਲੋਂ ਪੁੱਡਾ ਕੰਪਲੈਕਸ ਦੇ ਪਿਛਲੇ ਪਾਸੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਦੇ ਦਫ਼ਤਰ ਵਿਖੇ, ਵਾਰਡ 64-70 ਲਈ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਗੁਰਵਿੰਦਰਜੀਤ ਸਿੰਘ ਵੱਲੋਂ ਜਨਰਲ ਪੋਸਟ ਆਫਿਸ ਸਾਹਮਣੇ ਦਫ਼ਤਰ ਦੀ ਇਮਾਰਤ ਵਿਖੇ, ਵਾਰਡ 71-77 ਲਈ ਈਈ ਪੰਜਾਬ ਮੰਡੀ ਬੋਰਡ ਦਲਜੀਤ ਸਿੰਘ ਚੌਧਰੀ ਵੱਲੋਂ ਨਵੀਂ ਸਬਜੀ ਮੰਡੀ ਮਕਸੂਦਾਂ ਸਥਿਤ ਆਪਣੇ ਦਫ਼ਤਰ ਵਿਖੇ ਅਤੇ ਵਾਰਡ 78-85 ਲਈ ਨਾਮਜ਼ਦਗੀਆਂ ਜ਼ਿਲ੍ਹਾ ਟਾਊਨ ਪਲਾਨਰ ਸੰਜੇ ਕੁਮਾਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਜਲੰਧਰ ਦੀ ਤੀਜੀ ਮੰਜ਼ਿਲ 'ਤੇ ਸਥਿਤ ਆਪਣੇ ਦਫ਼ਤਰ ਕਮਰਾ ਨੰ 303 ਵਿਖੇ ਪ੍ਰਾਪਤ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਰਾਜ ਚੋਣ ਕਮਿਸ਼ਨ ਵੱਲੋਂ ਸਾਰੇ ਰਿਟਰਨਿੰਗ ਅਫ਼ਸਰਾਂ ਦੀ ਸਹਾਇਤਾ ਲਈ ਸਹਾਇਕ ਰਿਟਰਨਿੰਗ ਅਫ਼ਸਰ ਵੀ ਨਿਯੁਕਤ ਕੀਤੇ ਗਏ ਹਨ।
ਸਮੂਹ ਆਰ.ਓਜ਼ ਅਤੇ ਏ.ਆਰ.ਓਜ਼ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਨਗਰ ਨਿਗਮ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਡਿਊਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚੋਣ ਅਮਲੇ ਨੂੰ ਪਹਿਲਾਂ ਹੀ ਐਸ.ਈ.ਸੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਢੁਕਵੀਂ ਸਿਖ਼ਲਾਈ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਚੋਣਾਂ ਸੁਚਾਰੂ ਢੰਗ ਨਾਲ ਕਰਵਾਉਣ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਾਮਜ਼ਦਗੀ ਪੇਪਰ 12 ਦਸੰਬਰ ਤੱਕ ਸਵੇਰੇ 11 ਵਜੇ ਤੋਂ 3 ਵਜੇ ਤੱਕ ਸਬੰਧਿਤ ਰਿਟਰਨਿੰਗ ਅਫ਼ਸਰਾਂ ਦੇ ਦਫਤਰਾਂ ਵਿੱਚ ਜਮ੍ਹਾ ਕਰਵਾਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ 13 ਦਸੰਬਰ ਨੂੰ ਨਾਮਜ਼ਦਗੀ ਪੇਪਰਾਂ ਦੀ ਪੜਤਾਲ ਹੋਵੇਗੀ ਅਤੇ 14 ਦਸੰਬਰ ਨੂੰ ਨਾਮਜ਼ਦਗੀ ਪੇਪਰ ਵਾਪਸ ਲਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ 21 ਦਸੰਬਰ ਨੂੰ ਵੋਟਾਂ ਪੈਣਗੀਆਂ ਅਤੇ ਇਸੇ ਦਿਨ ਗਿਣਤੀ ਹੋਵੇਗੀ।