
ਬਾਬਾ ਗੁਰਦੀਪ ਸਿੰਘ ਉਮਰਪੁਰਾ ਦੇ ਸ਼ਰਧਾਂਜਲੀ ਸਮਾਗਮ 'ਚ ਹੋਏ ਸ਼ਾਮਲ
ਮਜੀਠਾ: ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਿਚਾਲੇ ਸ਼ਬਦੀ ਜੰਗ ਚਰਮ-ਸੀਮਾਂ 'ਤੇ ਪਹੁੰਚਦੀ ਦਿਖਾਈ ਦੇ ਰਹੀ ਹੈ। ਸੁਖਬੀਰ ਬਾਦਲ ਨੇ ਹੁਣ ਸੁਖਜਿੰਦਰ ਸਿੰਘ ਨੂੰ 'ਗੈਂਗਸਟਰਾਂ ਦਾ ਸਭ ਤੋਂ ਵੱਡੇ ਪਿਉ' ਦਾ ਲਕਬ ਦਿੰਦਿਆਂ ਗੈਂਗਸਟਰਾਂ ਦੀ ਹੋਂਦ ਤੇ ਵਾਧੇ ਲਈ ਕਾਂਗਰਸ ਨੂੰ ਜ਼ਿੰਮੇਵਾਰ ਦਸਿਆ ਹੈ।
Photo
ਸੁਖਬੀਰ ਸਿੰਘ ਬਾਦਲ ਅੱਜ ਸਾਬਕਾ ਅਕਾਲੀ ਸਰਪੰਚ ਬਾਬਾ ਗੁਰਦੀਪ ਸਿੰਘ ਉਮਰਾਪੁਰਾ ਦੀ ਅੰਤਿਮ ਅਰਦਾਸ 'ਚ ਸ਼ਾਮਲ ਹੋਣ ਲਈ ਮਜੀਠਾ ਵਿਖੇ ਆਏ ਸਨ। ਇਸ ਮੌਕੇ ਜੁੜੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਾਂਗਰਸ 'ਤੇ ਤਿੱਖੇ ਹਮਲੇ ਵੀ ਕੀਤੇ। ਉਨ੍ਹਾਂ ਬਾਬਾ ਗੁਰਦੀਪ ਸਿੰਘ ਉਮਰਪੁਰਾ ਦੀ ਹਤਿਆ ਨੂੰ ਸਿਆਸੀ ਕਤਲ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਕਾਤਲਾਂ ਨੂੰ 10 ਦਿਨਾਂ ਦੇ ਅੰਦਰ ਅੰਦਰ ਫੜਿਆ ਨਾ ਗਿਆ ਤਾਂ ਮਜੀਠਾ ਜ਼ਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇ।
Photo
ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਕਿਸੇ ਨਾ ਕਿਸੇ ਬਹਾਨੇ ਅਕਾਲੀ ਵਰਕਰਾਂ ਨੂੰ ਖ਼ਤਮ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਗੈਂਗਸਟਰਾਂ ਨੂੰ ਵਰਤ ਕੇ ਰਾਜ ਕਰਨ ਦਾ ਸੁਪਨਾ ਸਜਾਈ ਬੈਠੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਹੀ ਗੈਂਗਸਟਰਾਂ ਦੀ ਆਗੂ ਬਣ ਜਾਵੇ ਤਾਂ ਹਲਾਤ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ ਹੈ।
Photo
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਗੈਂਗਸਟਰ ਦੀ ਕੀ ਹਿੰਮਤ ਕਿ ਉਹ ਕਿਸੇ ਨੂੰ ਕੋਈ ਧਮਕੀ ਦੇ ਦੇਵੇ। ਉਹ ਉਸ ਵਕਤ ਕਿਸੇ ਨੂੰ ਧਮਕੀ ਦੇਵੇਗਾ ਜਦ ਉਸ ਨੂੰ ਪਤਾ ਤੇ ਯਕੀਨ ਹੋਵੇ ਕਿ ਉਸ ਨੂੰ ਸਰਕਾਰ ਅਤੇ ਪੁਲਿਸ ਵਲੋਂ ਸਰਪ੍ਰਸਤੀ ਮਿਲੀ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਮੰਤਰੀ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਕਰ ਰਹੇ ਹਨ।
Photo
ਇਸ ਮੌਕੇ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਬਾਬਾ ਗੁਰਦੀਪ ਸਿੰਘ ਨੂੰ ਕਾਂਗਰਸੀ ਕਾਰਕੁਨਾਂ ਅਤੇ ਗੈਂਗਸਟਰਾਂ ਵਲੋਂ ਧਮਕੀਆਂ ਮਿਲ ਰਹੀਆਂ ਸਨ। ਇਸ ਸਬੰਧੀ ਉਨ੍ਹਾਂ ਡੀਜੀਪੀ ਨੂੰ ਲਿਖਤੀ ਸ਼ਿਕਾਇਤ ਵੀ ਦਿਤੀ ਸੀ। ਪਰ ਕੋਈ ਅਸਰ ਨਹੀਂ ਹੋਇਆ ਅਤੇ ਗਿਣੀ ਮਿਥੀ ਸਾਜ਼ਿਸ਼ ਅਧੀਨ ਉਸ ਦਾ ਕਤਲ ਕਰ ਦਿਤਾ ਗਿਆ।
Photo
ਉਨ੍ਹਾਂ ਕਿਹਾ ਕਿ ਬੇਸ਼ੱਕ ਉਸ ਨੂੰ ਮਾਰ ਦਿਤਾ ਜਾਵੇ ਪਰ ਉਹ ਪੀੜਤ ਪਰਵਾਰ ਦੇ ਇਨਸਾਫ਼ ਲਈ ਅਪਣੇ ਖੂਨ ਦੇ ਆਖ਼ਰੀ ਕਤਰੇ ਤਕ ਲੜਦਾ ਰਹੇਗਾ। ਉਨ੍ਹਾਂ ਕਿਹਾ ਕਿ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਚਹੇਤਾ ਗੈਂਗਸਟਰ ਜਗੂ ਭਗਵਾਨਪੂਰੀਆ ਜੇਲ੍ਹ ਵਿਚ ਬੈਠਾ ਫਿਰੌਤੀ ਲੈ ਰਿਹਾ ਹੈ ਪਰ ਕੋਈ ਪੁਛਣ ਵਾਲਾ ਨਹੀਂ। ਉਨ੍ਹਾਂ ਕਿਹਾ ਕਿ ਸਮਾਂ ਆਉਣ 'ਤੇ ਸਭ ਮਾੜੇ ਅਨਸਰਾਂ ਨੂੰ ਜੇਲ੍ਹ 'ਚ ਸੁੱਟਿਆ ਜਾਵੇਗਾ। ਇਸ ਸ਼ਰਧਾਂਜਲੀ ਸਮਾਗਮ 'ਚ ਵੱਡੀ ਗਿਣਤੀ 'ਚ ਲੋਕ ਪਹੁੰਚੇ ਹੋਏ ਸਨ।