
ਭੜਕਾਊੁ ਬਿਆਨ ਦੇਣ ਵਾਲੇ ਭਾਜਪਾ ਆਗੂਆਂ ਨੂੰ ਘਰਾਂ ਵਿਚ ਹੀ ਕੀਤਾ ਜਾਵੇ ਨਜ਼ਰਬੰਦ: ਬਰਿੰਦਰ ਢਿੱਲੋਂ
ਚੰਡੀਗੜ੍ਹ, 9 ਜਨਵਰੀ (ਗੁਰਉਪਦੇਸ਼ ਭੁੱਲਰ): ਪੰਜਾਬ ਯੂਥ ਕਾਂਗਰਸ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਭੜਕਾਊ ਬਿਆਨਬਾਜ਼ੀ ਕਰਨ ਵਾਲੇ ਭਾਜਪਾ ਆਗੂਆਂ ਨੂੰ ਸੁਰੱਖਿਆ ਦੇਣ ਦੀ ਥਾਂ ਉਨ੍ਹਾਂ ਨੂੰ ਘਰਾਂ ਵਿਚ ਹੀ ਨਜ਼ਰਬੰਦ ਕਰ ਦਿਤਾ ਜਾਵੇ ਜਦ ਤਕ ਕਿਸਾਨ ਅੰਦੋਲਨ ਚਲ ਰਿਹਾ ਹੈ। ਇਹ ਮੰਗ ਅੱਜ ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਨੇ ਇਥੇ ਕਾਂਗਰਸ ਭਵਨ ਵਿਚ ਕੀਤੀ ਪ੍ਰੈਸ ਕਾਨਫ਼ਰੰਸ ਵਿਚ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਮੁੱਖ ਮੰਤਰੀ ਤੇ ਡੀ.ਜੀ.ਪੀ. ਨੂੰ ਵੀ ਬੇਨਤੀ ਕਰਨਗੇ।
ਢਿੱਲੋਂ ਨੇ ਦੋਸ਼ ਲਾਇਆ ਕਿ ਸੂਬੇ ਦੇ ਕੁੱਝ ਸੀਨੀਅਰ ਭਾਜਪਾ ਆਗੂ ਭੜਕਾਊ ਤੇ ਕਿਸਾਨਾਂ ਪ੍ਰਤੀ ਘਟੀਆ ਬਿਆਨਬਾਜ਼ੀ ਕਰ ਕੇ ਮਾਹੌਲ ਖ਼ਰਾਬ ਕਰਨ ਦਾ ਯਤਨ ਕਰ ਰਹੇ ਹਨ ਤਾਂ ਜੋ ਟਕਰਾਅ ਦੀ ਸਥਿਤੀ ਪੈਦਾ ਕਰ ਕੇ ਸੂਬੇ ਦੀ ਕੈਪਟਨ ਸਰਕਾਰ ਨੂੰ ਬਦਨਾਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਵਾਰ ਵਾਰ ਯੂਥ ਕਾਂਗਰਸ ਤੇ ਕਾਂਗਰਸ ਪਾਰਟੀ ਉਪਰ ਦੋਸ਼ ਲਾਉਂਦੇ ਹਨ ਕਿ ਉਨ੍ਹਾਂ ’ਤੇ ਹਮਲੇ ਕਰਵਾਏ ਜਾ ਰਹੇ ਹਨ ਜਦਕਿ ਭਾਜਪਾ ਆਗੂ ਖ਼ੁਦ ਭੜਕਾਊ ਟਿਪਣੀਆਂ ਕਰ ਕੇ ਝਗੜੇ ਪੈਦਾ ਕਰ ਕੇ ਅਮਨ ਕਾਨੂੰਨ ਦੀ ਸਥਿਤੀ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਕਰ ਕੇ ਅਜਿਹੇ ਆਗੂਆਂ ’ਤੇ ਮੌਜੂਦਾ ਕਿਸਾਨ ਅੰਦੋਲਨ ਦੀ ਸਥਿਤੀ ਵਿਚ ਲਗਾਮ ਕਸਣ ਦੀ ਲੋੜ ਹੈ। ਇਸੇ ਦੌਰਾਨ ਢਿੱਲੋਂ ਨੇ ਕਿਸਾਨੀ ਅੰਦੋਲਨ ਵਿਚ ਦਿੱਲੀ ਦੀਆਂ ਹੱਦਾਂ ’ਤੇ ਹੋ ਰਹੀਆਂ ਕਿਸਾਨਾਂ ਦੀਆਂ ਸ਼ਹੀਦੀਆਂ ’ਤੇ ਕੇਂਦਰ ਸਰਕਾਰ ਦੇ ਰਵਈਏ ਦੀ ਨਿੰਦਾ ਕੀਤੀ। ਉਨ੍ਹਾਂ ਇਹ ਐਲਾਨ ਵੀ ਕੀਤਾ ਕਿ ਯੂਥ ਕਾਂਗਰਸ ਮੋਰਚੇ ਦੌਰਾਨ ਸ਼ਹੀਦ ਹੋ ਰਹੇ ਕਿਸਾਨਾਂ ਦੇ ਪਿੰਡਾਂ ਵਿਚ ਜਾ ਕੇ ਉਨ੍ਹਾਂ ਦੇ ਖੇਤਾਂ ਦੀ ਮਿੱਟੀ ਲੈ ਕੇ ਦਿੱਲੀ ਜਾਣਗੇ ਅਤੇ ਭਾਰਤ ਦਾ ਨਕਸ਼ਾ ਬਣਾ ਕੇ ਮੋਦੀ ਨੂੰ ਸ਼ੀਸ਼ਾ ਦਿਖਾਉਣ ਦਾ ਯਤਨ ਕੀਤਾ ਜਾਵੇਗਾ।
ਡੱਬੀ
‘ਆਵਾਜ਼ ਮੇਹਨਤ ਦੀ’ ਮੁਹਿੰਮ ਕੀਤੀ ਲਾਂਚ
ਇਸੇ ਦੌਰਾਨ ਪੰਜਾਬ ਯੂਥ ਕਾਂਗਰਸ ਵਲੋਂ ਅੱਜ ਪ੍ਰੈਸ ਕਾਨਫ਼ਰੰਸ ਦੌਰਾਨ ਨੌਜਵਾਨਾਂ ਦੇ ਸਬੰਧ ਵਿਚ ‘ਆਵਾਜ਼ ਮੇਹਨਤ ਦੀ’ ਨਾਂ ਹੇਠ ਇਕ ਮੁਹਿੰਮ ਲਾਂਚ ਕੀਤੀ। ਬਰਿੰਦਰ ਢਿੱਲੋਂ ਨੇ ਕਿਹਾ ਕਿ ਨੌਜਵਾਨ ਪ੍ਰਤਿਭਾ ਦੀ ਅਣਦੇਖੀ ਤੇ ਉਨ੍ਹਾਂ ਦੀਆਂ ਮੰਗਾਂ ਤੇ ਸਮੱਸਿਆਵਾਂ ਵੱਲ ਸਰਕਾਰ ਦਾ ਧਿਆਨ ਦਿਵਾਉਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਤੋਂ ਪਹਿਲਾਂ ਨੌਜਵਾਨਾਂ ਦੇ ਮਸਲੇ ਸਰਕਾਰ ਸਾਹਮਣੇ ਰੱਖੇ ਜਾਣਗੇ ਅਤੇ ਮੁੱਖ ਮੰਤਰੀ ਨਾਲ ਸਿੱਧਾ ਸੰਵਾਦ ਕਰਨ ਲਈ ਵੀ ਪ੍ਰੋਗਰਾਮ ਉਲੀਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਵਿਸ਼ੇਸ਼ ਯੂਥ ਨੀਤੀ ਬਣਾਉਣ ਦੀ ਬਹੁਤ ਲੋੜ ਹੈ। ਇਸ ਸਮੇਂ ਭਾਵੇਂ ਸੰਸਦ ਹੋਵੇ, ਵਿਧਾਨ ਸਭਾ ਜਾਂ ਹੋਰ ਸਰਕਾਰੀ ਤੰਤਰ ਹਰ ਥਾਂ ਯੂਥ ਦੀ ਅਹਿਮ ਹਿੱਸੇਦਾਰੀ ਯਕੀਨੀ ਹੋਣੀ ਚਾਹੀਦੀ ਹੇ।
ਪੰਜਾਬ ਯੂਥ ਕਾਂਗਰਸ ਨੇ ਮੁੱਖ ਮੰਤਰੀ ਤੇ ਡੀ.ਜੀ.ਪੀ. ਤੋਂ ਕੀਤੀ ਹੈ ਮੰਗ
ਕਿਸਾਨ ਮੋਰਚੇ ’ਚ ਸ਼ਹੀਦ ਹੋਣ ਵਾਲਿਆਂ ਦੇ ਖੇਤਾਂ ’ਚੋਂ ਮਿੱਟੀ ਲਿਜਾ ਕੇ ਦਿੱਲੀ ’ਚ ਭਾਰਤ ਦਾ ਨਕਸ਼ਾ ਬਣਾਉਣ ਦਾ ਵੀ ਐਲਾਨ