
ਹਸਪਤਾਲ ਵਿਚ ਅੱਗ ਲਗਣ ਨਾਲ 10 ਨਵਜਨਮੇ ਬੱਚਿਆਂ ਦੀ ਦਰਦਨਾਕ ਮੌਤ
ਮੁੰਬਈ, 9 ਜਨਵਰੀ : ਮਹਾਰਾਸ਼ਟਰ ਦੇ ਭੰਡਾਰਾ ਵਿਚ ਸ਼ੁਕਰਵਾਰ ਦੇਰ ਰਾਤ ਇਕ ਸਰਕਾਰੀ ਹਸਪਤਾਲ ਵਿਚ ਅੱਗ ਲਗਣ ਨਾਲ 10 ਨਵਜਨਮੇ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। ਜਦਕਿ 7 ਬੱਚਿਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਡਾਕਟਰਾਂ ਨੇ ਇਹ ਜਾਣਕਾਰੀ ਦਿਤੀ। ਇਕ ਡਾਕਟਰ ਨੇ ਦਸਿਆ ਕਿ ਇਨ੍ਹਾਂ ਬੱਚਿਆਂ ਦੀ ਉਮਰ 1 ਮਹੀਨੇ ਤੋਂ 3 ਮਹੀਨੇ ਦੇ ਵਿਚ ਸੀ। ਜਾਣਕਾਰੀ ਮੁਤਾਬਕ ਸਿਕਨਿਊਬਾਰਨ ਕੇਅਰ ਯੂਨਿਟ ਵਿਚ 17 ਬੱਚਿਆਂ ਨੂੰ ਰਖਿਆ ਗਿਆ ਸੀ। ਰਾਜ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ ਕਿ ਤਿੰਨ ਨਵਜੰਮੇ ਬੱਚਿਆਂ ਦੀ ਮੌਤ ਅੱਗ ਲਗਣ ਕਾਰਨ ਹੋਈ ਅਤੇ ਸੱਤ ਬੱਚਿਆਂ ਦੀ ਮੌਤ ਸਾਂਹ ਘੁਟਣ ਕਾਰਨ ਹੋਈ ਹੈ। ਡਾਕਟਰਾਂ ਮੁਤਾਬਕ ਭੰਡਾਰਾ ਜ਼ਿਲ੍ਹਾ ਹਸਪਤਾਲ ’ਚ ਸ਼ੁਕਰਵਾਰ ਦੇਰ ਰਾਤ ਇਕ ਵਜ ਕੇ 30 ਮਿੰਟ ਦੇ ਕਰੀਬ ਅੱਗ ਲੱਗ ਗਈ।
ਉਨ੍ਹਾਂ ਦਸਿਆ ਕਿ ਸੱਭ ਤੋਂ ਪਹਿਲਾਂ ਇਕ ਨਰਸ ਨੇ ਵਾਰਡ ਵਿਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਉਸ ਹਾਦਸੇ ਬਾਰੇ ਪਤਾ ਲੱਗਾ। ਅੱਗ ਲਗਣ ਦਾ ਕਾਰਨ ਸ਼ਾਰਟ ਸਰਕਟ ਦਸਿਆ ਜਾ ਰਿਹਾ ਹੈ। ਹਸਪਤਾਲ ਦੇ ਸਿਕਨਿਊਬਾਰਨ ਕੇਅਰ ਯੂਨਿਟ ਵਿਚ ਅੱਗ ਲਗਣ ਕਾਰਨ 10 ਬੱਚਿਆਂ ਦੀ ਮੌਤ ਹੋ ਗਈ ਜਦਕਿ 7 ਨੂੰ ਬਚਾ ਲਿਆ ਗਿਆ। ਇਸ ਵਾਰਡ ਵਿਚ ਇਕ ਦਿਨ ਤੋਂ ਲੈ ਕੇ 3 ਮਹੀਨੇ ਤਕ ਦੇ ਬੱਚਿਆਂ ਨੂੰ ਰਖਿਆ ਜਾਂਦਾ ਸੀ। ਇਸ ਵਾਰਡ ਵਿਚ ਉਨ੍ਹਾਂ ਬੱਚਿਆਂ ਨੂੰ ਹੀ ਰਖਿਆ ਜਾਂਦਾ ਹੈ ਜਿਨ੍ਹਾਂ ਦੀ ਹਾਲਤ ਕਾਫੀ ਨਾਜ਼ੁਕ ਹੁੰਦੀ ਹੈ ਅਤੇ ਜਨਮ ਦੇ ਸਮੇਂ ਜਿਨ੍ਹਾਂ ਦਾ ਭਾਰ ਬਹੁਤ ਜ਼ਿਆਦਾ ਘੱਟ ਹੁੰਦਾ ਹੈ। ਡਾਕਟਰ ਦਾ ਕਹਿਣਾ ਹੈ ਕਿ ਜਦੋਂ ਸ਼ਾਰਟ ਸਰਕਿਟ ਹੋਇਆ ਤਾਂ ਵਾਰਡ ’ਚ ਨਰਸ ਮੌਜੂਦ ਸੀ। ਉੱਥੇ ਹੀ ਭੰਡਾਰਾ ਦੇ ਕਲੈਕਟਰ ਸੰਦੀਪ ਨੇ ਕਿਹਾ ਕਿ ਇਸ ਮਾਮਲੇ ਵਿਚ ਜਾਂਚ ਟੈਕਨੀਕਲ ਕਮੇਟੀ ਕਰੇਗੀ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਏਗੀ। (ਪੀਟੀਆਈ)