
ਕਾਬੂ ਕੀਤੇ ਗਏ ਚਾਰ ਲੁਟੇਰਿਆਂ ਵਿਚੋਂ 2 ਹਨ ਨਾਬਾਲਗ
ਚੰਡੀਗੜ੍ਹ : ਚੰਡੀਗੜ੍ਹ ਪੁਲਿਸ ਨੇ ਲੁੱਟ ਦੇ ਇੱਕ ਮਾਮਲੇ ਵਿੱਚ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਦੋ ਨਾਬਾਲਗ ਹਨ। ਫੜੇ ਗਏ 2 ਬਾਲਗ ਦੋਸ਼ੀ ਫੈਦਾ ਨਿਜ਼ਾਮਪੁਰ ਪਿੰਡ ਦੇ ਰਹਿਣ ਵਾਲੇ ਹਨ। ਇਨ੍ਹਾਂ ਦੀ ਪਛਾਣ ਚੰਦਰ ਪ੍ਰਕਾਸ਼ ਉਰਫ ਚੰਦਰ (20) ਅਤੇ ਅਜੇ (19) ਵਜੋਂ ਹੋਈ ਹੈ।
ਸੈਕਟਰ 31 ਥਾਣੇ ਦੀ ਪੁਲਿਸ ਨੇ 7 ਜਨਵਰੀ ਨੂੰ ਆਈਪੀਸੀ ਦੀ ਧਾਰਾ 392 ਅਤੇ 34 ਤਹਿਤ ਕੇਸ ਦਰਜ ਕੀਤਾ ਸੀ। ਇਸ ਮਾਮਲੇ ਦਾ ਸ਼ਿਕਾਇਤਕਰਤਾ ਹੈਰੀਟੇਜ ਪਬਲਿਕ ਸਕੂਲ ਨੇੜੇ ਪਿੰਡ ਜਗਤਪੁਰਾ ਦਾ ਰਹਿਣ ਵਾਲਾ ਲਾਲਟੂ ਕੁਮਾਰ (21) ਸੀ।
ਸ਼ਿਕਾਇਤਕਰਤਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ 6 ਜਨਵਰੀ ਨੂੰ ਰਾਤ ਕਰੀਬ 10.30 ਵਜੇ ਉਹ ਕੰਮ ਖਤਮ ਕਰਕੇ ਘਰ ਜਾ ਰਿਹਾ ਸੀ। ਜਦੋਂ ਉਹ ਸੈਕਟਰ-47 ਸਥਿਤ ਗੁਰਦੁਆਰਾ ਸਾਹਿਬ ਨੇੜੇ ਲਾਈਟ ਪੁਆਇੰਟ 'ਤੇ ਪਹੁੰਚਿਆ ਤਾਂ 4 ਨੌਜਵਾਨਾਂ ਨੇ ਉਸ ਨੂੰ ਦਬੋਚ ਲਿਆ। ਉਨ੍ਹਾਂ ਵਿੱਚੋਂ ਇੱਕ ਨੇ ਮੋਬਾਈਲ ਫ਼ੋਨ ਅਤੇ ਦੂਜੇ ਨੇ ਉਸ ਦੀ ਜੇਬ ਵਿੱਚੋਂ 4400 ਰੁਪਏ ਕੱਢ ਲਏ। ਮੁਲਜ਼ਮ ਸ਼ਿਕਾਇਤਕਰਤਾ ਨੂੰ ਚਾਕੂ ਦਿਖਾ ਕੇ ਫਰਾਰ ਹੋ ਗਏ।
ਥਾਣਾ ਸਦਰ ਦੀ ਪੁਲਿਸ ਨੇ ਘਟਨਾ ਦੇ 48 ਘੰਟਿਆਂ ਦੇ ਅੰਦਰ ਚਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫਤਾਰ ਕੀਤੇ ਗਏ ਦੋਵੇਂ ਨਾਬਾਲਗ ਦੋਸ਼ੀਆਂ ਨੂੰ ਸੈਕਟਰ 25 ਸਥਿਤ ਜੁਵੇਨਾਈਲ ਹੋਮ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਚਾਰਾਂ ਮੁਲਜ਼ਮਾਂ ਕੋਲੋਂ ਖੋਹਿਆ ਹਇਆ ਮੋਬਾਈਲ ਫੋਨ, ਜੁਰਮ ਵਿੱਚ ਵਰਤਿਆ ਚਾਕੂ ਅਤੇ 960 ਰੁਪਏ ਨਕਦ ਬਰਾਮਦ ਕੀਤੇ ਹਨ।