ਬਠਿੰਡਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁਲਤਾਨੀਆ ਓਵਰਬ੍ਰਿਜ ਦਾ ਉਦਘਾਟਨ
Published : Jan 10, 2026, 3:28 pm IST
Updated : Jan 10, 2026, 6:42 pm IST
SHARE ARTICLE
Chief Minister Bhagwant Mann inaugurates Multania Overbridge in Bathinda
Chief Minister Bhagwant Mann inaugurates Multania Overbridge in Bathinda

35 ਸਾਲ ਪੁਰਾਣਾ ਬ੍ਰਿਜ ਸੀ ਜਿਸ ਦਾ ਪੁਨਰ ਨਿਰਮਾਣ ਕੀਤਾ ਗਿਆ: CM ਮਾਨ

ਬਠਿੰਡਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਬਠਿੰਡਾ ਦੇ ਵਸਨੀਕਾਂ ਲਈ ਲਗਭਗ 90 ਕਰੋੜ ਰੁਪਏ ਦੇ ਵੱਡੇ ਬੁਨਿਆਦੀ ਢਾਂਚੇ ਦਾ ਤੋਹਫ਼ੇ ਦਿੱਤਾ ਹੈ, ਜਿਸ ਤਹਿਤ ਮੁੜ ਨਿਰਮਾਣ ਕੀਤਾ ਮੁਲਤਾਨੀਆ ਰੇਲਵੇ ਓਵਰ ਬ੍ਰਿਜ (ਆਰ.ਓ.ਬੀ.) ਜਨਤਾ ਨੂੰ ਸਮਰਪਿਤ ਕੀਤਾ ਗਿਆ ਅਤੇ ਜਨਤਾ ਨਗਰ ਵਿਖੇ ਇੱਕ ਨਵੇਂ ਰੇਲਵੇ ਓਵਰ ਬ੍ਰਿਜ ਦੇ ਨਿਰਮਾਣ ਨੂੰ ਪ੍ਰਵਾਨਗੀ ਦਿੱਤੀ ਗਈ। ਦੋਵਾਂ ਪ੍ਰੋਜੈਕਟਾਂ ਦਾ ਉਦੇਸ਼ ਸ਼ਹਿਰ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਟ੍ਰੈਫਿਕ ਸਮੱਸਿਆਵਾਂ ਨੂੰ ਹੱਲ ਕਰਨਾ ਹੈ।

ਮੁਲਤਾਨੀਆ ਆਰ.ਓ.ਬੀ. ਲੋਕਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਦਘਾਟਨ ਵਿੱਚ ਸ਼ਾਮਲ ਹੋਏ ਨਿਵਾਸੀਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਕਿਹਾ ਕਿ ਪੰਜਾਬ ਦਾ ਇੱਕ ਮਹੱਤਵਪੂਰਨ ਰੇਲਵੇ ਜੰਕਸ਼ਨ ਹੋਣ ਕਰਕੇ, ਬਠਿੰਡਾ ਵਿੱਚੋਂ ਕਈ ਰੇਲਵੇ ਲਾਈਨਾਂ ਲੰਘਦੀਆਂ ਹਨ ਅਤੇ ਇਹ ਲਾਈਨਾਂ ਸ਼ਹਿਰ ਨੂੰ ਵੱਖ-ਵੱਖ ਹਿੱਸਿਆਂ ਵਿੱਚ ਵੰਡਦੀਆਂ ਹਨ। ਉਨ੍ਹਾਂ ਕਿਹਾ, "ਅੰਬਾਲਾ, ਦਿੱਲੀ, ਸਿਰਸਾ ਅਤੇ ਬੀਕਾਨੇਰ ਰੇਲਵੇ ਲਾਈਨਾਂ ਉੱਤੇ ਬਣਿਆ ਮੁਲਤਾਨੀਆ ਪੁਲ, ਬਠਿੰਡਾ ਦੇ ਵੰਡੇ ਹੋਏ ਹਿੱਸਿਆਂ ਨੂੰ ਆਪਸ ਵਿੱਚ ਜੋੜਨ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ।"

ਮੁੱਖ ਮੰਤਰੀ ਨੇ ਕਿਹਾ ਕਿ ਇਹ ਪੁਲ ਲਗਭਗ 35 ਸਾਲ ਪੁਰਾਣਾ ਸੀ ਅਤੇ ਸ਼ਹਿਰ ਦੀਆਂ ਆਵਾਜਾਈ ਸਬੰਧੀ ਮੌਜੂਦਾ ਜ਼ਰੂਰਤਾਂ ਲਈ ਢੁੱਕਵਾਂ ਨਹੀਂ ਸੀ। ਮੁੱਖ ਮੰਤਰੀ ਨੇ ਕਿਹਾ, "ਸਿਰਫ਼ 23 ਫੁੱਟ ਦੇ ਤੰਗ ਰਸਤੇ ਅਤੇ ਸਰਵਿਸ ਰੋਡ ਦੀ ਨਾਕਾਫ਼ੀ ਚੌੜਾਈ ਕਾਰਨ ਪੁਰਾਣਾ ਪੁਲ ਵਧ ਰਹੀ ਆਵਾਜਾਈ ਲਈ ਢੁਕਵਾਂ ਨਹੀਂ ਸੀ।" ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਸਕੂਲ ਵੈਨਾਂ, ਵਪਾਰੀਆਂ, ਐਂਬੂਲੈਂਸਾਂ ਅਤੇ ਭਾਰੀ ਵਾਹਨਾਂ ਨੂੰ ਕਾਫ਼ੀ ਅਸੁਵਿਧਾ ਦਾ ਸਾਹਮਣਾ ਕਰਨਾ ਪੈਂਦਾ ਸੀ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੁਲ ਦੀ ਪੁਰਾਣੀ ਅਤੇ ਖਸਤਾ ਹਾਲਤ ਕਾਰਨ, ਬਰਸਾਤ ਦੇ ਮੌਸਮ ਦੌਰਾਨ ਮਿੱਟੀ ਦੀ ਖਾਰ ਕਾਰਨ ਇਸ ਪੁਲ ਵਿੱਚ ਅਕਸਰ ਟੋਏ ਪੈ ਜਾਂਦੇ ਸਨ, ਜਿਸ ਕਾਰਨ ਮਾਨਸੂਨ ਦੌਰਾਨ ਇਸ ਨੂੰ ਅਸਥਾਈ ਤੌਰ 'ਤੇ ਬੰਦ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ, "ਲੰਬੇ ਸਮੇਂ ਤੋਂ ਸ਼ਹਿਰ ਦੇ ਵਸਨੀਕ ਇਸ ਰੇਲਵੇ ਓਵਰ ਬ੍ਰਿਜ ਦੇ ਮੁੜ ਨਿਰਮਾਣ ਦੀ ਮੰਗ ਕਰ ਰਹੇ ਸਨ। ਇਨ੍ਹਾਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਸੂਬਾ ਸਰਕਾਰ ਵੱਲੋਂ ਪੁਰਾਣੇ ਪੁਲ ਦੀਆਂ ਪਹੁੰਚਾਂ ਨੂੰ ਢਾਹ ਕੇ ਮੌਜੂਦਾ ਥੰਮ੍ਹਾਂ 'ਤੇ ਨਵਾਂ ਪੁਲ ਬਣਾਉਣ ਦਾ ਫੈਸਲਾ ਕੀਤਾ ਗਿਆ।"

ਉਨ੍ਹਾਂ ਕਿਹਾ ਕਿ ਨਵਾਂ ਮੁਲਤਾਨੀਆ ਆਰ.ਓ.ਬੀ. 38.08 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਸ ਦੀ ਕੁੱਲ ਲੰਬਾਈ ਇੱਕ ਕਿਲੋਮੀਟਰ ਤੋਂ ਥੋੜ੍ਹੀ ਜ਼ਿਆਦਾ ਹੈ ਅਤੇ ਚੌੜਾਈ 23 ਫੁੱਟ ਤੋਂ ਵਧਾ ਕੇ 34.5 ਫੁੱਟ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ, "ਪੁਲ ਦੇ ਹੇਠਾਂ ਵਾਲੀ ਜਗ੍ਹਾ ਨੂੰ ਇੱਕ ਖੇਡ ਮੈਦਾਨ ਵਜੋਂ ਵਿਕਸਤ ਕੀਤਾ ਜਾਵੇਗਾ ਜਿਸ ਵਿੱਚ ਵਾਕਿੰਗ ਟਰੈਕ, ਬਾਕਸ ਕ੍ਰਿਕਟ, ਸਕੇਟਿੰਗ ਖੇਤਰ, ਬਾਸਕਟਬਾਲ ਕੋਰਟ, ਜਿੰਮ ਸਪੇਸ ਅਤੇ ਹੋਰ ਸਹੂਲਤਾਂ ਸ਼ਾਮਲ ਹੋਣਗੀਆਂ।"

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪੁਲ ਦਾ ਕੰਮ 11 ਸਤੰਬਰ, 2023 ਨੂੰ ਸ਼ੁਰੂ ਹੋਇਆ ਸੀ ਅਤੇ ਇਸ ਨੂੰ ਸਮੇਂ ਸਿਰ ਮੁਕੰਮਲ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ, “ਅੱਜ ਇਹ ਪੁਲ ਆਵਾਜਾਈ ਲਈ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ।”

ਇੱਕ ਹੋਰ ਵੱਡੇ ਪ੍ਰੋਜੈਕਟ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਬਠਿੰਡਾ-ਫਿਰੋਜ਼ਪੁਰ ਰੇਲਵੇ ਲਾਈਨ ਉੱਤੇ ਜਨਤਾ ਨਗਰ ਵਿਖੇ ਇੱਕ ਅੰਡਰਬ੍ਰਿਜ ਮੌਜੂਦ ਹੈ, ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਨੂੰ ਵੀ ਜੋੜਦਾ ਹੈ। ਉਨ੍ਹਾਂ ਕਿਹਾ, "ਬਠਿੰਡਾ-ਗੋਨਿਆਣਾ ਰੋਡ ਅਤੇ ਬਾਦਲ ਘੁੱਦਾ ਰੋਡ ਨੂੰ ਜੋੜਣ ਵਾਲਾ ਇਹ ਅੰਡਰਬ੍ਰਿਜ ਬਹੁਤ ਤੰਗ ਹੈ ਅਤੇ ਰੋਜ਼ਾਨਾ ਆਉਣ-ਜਾਣ ਵਾਲੇ ਲੋਕਾਂ ਨੂੰ ਕਾਫੀ ਅਸੁਵਿਧਾ ਦਾ ਸਾਹਮਣਾ ਕਰਨਾ ਪੈਂਦਾ ਹੈ।"

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਅੰਡਰਬ੍ਰਿਜ ਰਾਹੀਂ ਆਉਣਾ-ਜਾਣਾ ਕਾਫ਼ੀ ਜੋਖਮ ਭਰਿਆ ਹੈ ਅਤੇ ਇੱਥੇ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਇੱਥੇ ਪਾਣੀ ਭਰ ਜਾਂਦਾ ਹੈ ਜੋ ਸਥਿਤੀ ਨੂੰ ਹੋਰ ਵੀ ਗੰਭੀਰ ਬਣਾ ਦਿੰਦਾ ਹੈ। ਉਨ੍ਹਾਂ ਕਿਹਾ, “ਵਿਦਿਆਰਥੀਆਂ, ਸਕੂਲ ਵੈਨਾਂ, ਐਂਬੂਲੈਂਸਾਂ ਅਤੇ ਆਮ ਲੋਕਾਂ ਨੂੰ ਇੱਥੇ ਹਰ ਰੋਜ਼ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।” ਉਨ੍ਹਾਂ ਕਿਹਾ ਕਿ ਸਥਾਨਕ ਨਿਵਾਸੀ ਲੰਬੇ ਸਮੇਂ ਤੋਂ ਇਸ ਸਥਾਨ 'ਤੇ ਰੇਲਵੇ ਓਵਰਬ੍ਰਿਜ ਦੀ ਮੰਗ ਕਰ ਰਹੇ ਹਨ।

ਇਸ ਮੰਗ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਨਤਾ ਨਗਰ ਵਿਖੇ 50.86 ਕਰੋੜ ਰੁਪਏ ਦੀ ਲਾਗਤ ਨਾਲ ਰੇਲਵੇ ਓਵਰ ਬ੍ਰਿਜ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ, "ਪ੍ਰਸਤਾਵਿਤ ਪੁਲ ਦੀ ਲੰਬਾਈ 650 ਮੀਟਰ ਹੋਵੇਗੀ ਅਤੇ ਚੌੜਾਈ 31 ਫੁੱਟ ਹੋਵੇਗੀ। ਇਸ ਦੇ ਨਾਲ ਲੱਗਦੀ ਸਰਵਿਸ ਰੋਡ ਨੂੰ ਵੀ 18 ਫੁੱਟ ਤੋਂ ਵਧਾ 33 ਫੁੱਟ ਤੱਕ ਚੌੜਾ ਕੀਤਾ ਜਾਵੇਗਾ।" ਉਨ੍ਹਾਂ ਕਿਹਾ ਕਿ ਇਸ ਸਬੰਧੀ ਟੈਂਡਰ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਉਸਾਰੀ ਦਾ ਕੰਮ ਜਲਦ ਸ਼ੁਰੂ ਹੋ ਜਾਵੇਗਾ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਨਵਾਂ ਪੁਲ ਨਾ ਸਿਰਫ਼ ਇਲਾਕੇ ਵਿੱਚ ਆਵਾਜਾਈ ਦੀ ਸਮੱਸਿਆ ਨੂੰ ਹੱਲ ਕਰੇਗਾ ਸਗੋਂ ਵਸਨੀਕਾਂ ਦਾ ਕੀਮਤੀ ਸਮਾਂ ਵੀ ਬਚਾਏਗਾ ਅਤੇ ਉਨ੍ਹਾਂ ਦੀਆਂ ਰੋਜ਼ਾਨਾ ਦੀਆਂ ਸਮੱਸਿਆਵਾਂ ਦਾ ਅੰਤ ਕਰੇਗਾ। ਉਨ੍ਹਾਂ ਕਿਹਾ, "ਇਸ ਪੂਰੇ ਖੇਤਰ ਨੂੰ ਸੂਬੇ ਵਿੱਚ ਵਿਕਾਸ ਦੇ ਇੱਕ ਵੱਡੇ ਕੇਂਦਰ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।"

ਵਿਕਾਸ ਸਬੰਧੀ ਆਪਣੀ ਸਰਕਾਰ ਦੇ ਵਿਆਪਕ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ ਸਕੂਲ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ, ਉੱਥੇ ਹੀ ਵਿਦਿਆਰਥੀਆਂ ਲਈ ਬਿਹਤਰ ਨਤੀਜੇ ਯਕੀਨੀ ਬਣਾਉਣ ਲਈ ਅਧਿਆਪਕਾਂ ਦੇ ਹੁਨਰ ਅਤੇ ਮੁਹਾਰਤ ਨੂੰ ਵੀ ਨਿਖਾਰਿਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਸਾਡੀ ਸਰਕਾਰ ਪੂਰੇ ਸੂਬੇ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਸਾਰੇ ਫੈਸਲੇ ਲੋਕਾਂ ਅਤੇ ਹੋਰ ਭਾਈਵਾਲਾਂ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਲਏ ਜਾ ਰਹੇ ਹਨ।"

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement