85 ਲੱਖ ਰੁਪਏ ਦੇ ਗਬਨ ਅਤੇ ਰਿਕਾਰਡ ਨੂੰ ਖੁਰਦ-ਬੁਰਦ ਕਰਨ ਦੇ ਮਾਮਲੇ ’ਚ ਕੀਤੀ ਕਾਰਵਾਈ
ਚੋਹਲਾ ਸਾਹਿਬ : ਤਰਨ ਤਾਰਨ ਜ਼ਿਲ੍ਹੇ ਅਧੀਨ ਆਉਂਦੇ ਪਿੰਡ ਚੋਹਲਾ ਸਾਹਿਬ ਦੇ ਸਰਪੰਚ ਕੇਵਲ ਕ੍ਰਿਸ਼ਨ ਨੂੰ ਮਅੱਤਲ ਕਰ ਦਿੱਤਾ ਗਿਆ ਹੈ। ਸਰਪੰਚ ’ਤੇ 85 ਲੱਖ ਰੁਪਏ ਦਾ ਗਬਨ ਕਰਨ ਅਤੇ ਰਿਕਾਰਡ ਨੂੰ ਖੁਰਦ-ਬੁਰਦ ਕਰਨ ਦਾ ਇਲਜ਼ਾਮ ਲੱਗਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਇਸ ਮਾਮਲੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਕਾਰਵਾਈ ਕੀਤੀ ਗਈ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਸਾਲ 2022 ਤੋਂ ਲੈ ਕੇ ਹੁਣ ਤੱਕ 15ਵੇਂ ਵਿੱਤ ਕਮਿਸ਼ਨ ਅਤੇ ਐਮਪੀ ਲਾਈਨ ਫੰਡ ਵਿੱਚੋਂ ਪੰਚਾਇਤ ਨੂੰ 89 ਲੱਖ 50 ਹਾਜ਼ਰ 806 ਦੀ ਰਾਸ਼ੀ ਆਈ।
ਜਦਕਿ 3 ਲੱਖ 34 ਹਜ਼ਾਰ 89 ਰੁਪਏ ਪੰਚਾਇਤ ਦੇ ਖਾਤੇ ਵਿੱਚ ਬਾਕੀ ਹਨ। ਸਰਪੰਚ ਕੇਵਲ ਕ੍ਰਿਸ਼ਨ ਨੇ ਵੱਖ-ਵੱਖ ਜਾਅਲੀ ਕਾਗਜ਼ ਤਿਆਰ ਕਰਵਾਏ ਅਤੇ 86 ਲੱਖ 16 ਹਜ਼ਾਰ 717 ਰੁਪਏ ਦੇ ਵਿਕਾਸ ਕਾਰਜ ਗਿਣਵਾਏ । ਇਸ ਮਾਮਲੇ ਦੀ ਜਦੋਂ ਉੱਚ ਪੱਧਰੀ ਜਾਂਚ ਕਰਵਾਈ ਗਈ ਤਾਂ ਪਤਾ ਲੱਗਾ ਕਿ ਪੰਚਾਇਤ ਵੱਲੋਂ ਕੇਵਲ 1 ਲੱਖ ਰੁਪਏ ਦੇ ਹੀ ਕੰਮ ਕਰਵਾਏ ਗਏ ਹਨ। ਕੁੱਲ ਮਿਲਾ ਕੇ 85 ਲੱਖ 16, ਹਜ਼ਾਰ 717 ਦਾ ਸਰਪੰਚ ਵੱਲੋਂ ਘਪਲਾ ਕੀਤਾ ਗਿਆ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਰਾਹੁਲ ਨੇ ਸਰਪੰਚ ਕੇਵਲ ਕ੍ਰਿਸ਼ਨ ਨੂੰ ਤੁਰੰਤ ਮੁਅੱਤਲ ਕਰਨ ਦਾ ਆਦੇਸ਼ ਦਿੱਤਾ। ਜਦਕਿ ਸਰਪੰਚ ਕੇਵਲ ਕ੍ਰਿਸ਼ਨ ਨੇ ਕਿਹਾ ਕਿ ਉਸ ਨੂੰ ਨਾ ਤਾਂ ਮੁਅੱਤਲੀ ਸਬੰਧੀ ਅਤੇ ਨਾ ਹੀ ਗਬਨ ਸਬੰਧੀ ਕੋਈ ਨੋਟਿਸ ਭੇਜਿਆ ਗਿਆ ਹੈ। ਉਸ ਖਿਲਾਫ਼ ਕਾਰਵਾਈ ਦੀ ਉਸ ਨੂੰ ਕੋਈ ਜਾਣਕਾਰੀ ਨਹੀਂ।
