
ਅੱਜ ਤੋਂ 35 ਸਾਲ ਪਹਿਲਾਂ 6 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ 'ਤੇ ਫ਼ੌਜੀ ਹਮਲੇ ਸਮੇਂ ਫੜੇ ਗਏ ਤੇ ਜੋ 5 ਸਾਲ ਜੋਧਪੁਰ ਜੇਲ ਦੀਆਂ ਕਾਲ ਕੋਠੜੀਆਂ ਵਿਚ ਨਜ਼ਰਬੰਦ ਰਹੇ.....
ਅੰਮ੍ਰਿਤਸਰ : ਅੱਜ ਤੋਂ 35 ਸਾਲ ਪਹਿਲਾਂ 6 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ 'ਤੇ ਫ਼ੌਜੀ ਹਮਲੇ ਸਮੇਂ ਫੜੇ ਗਏ ਤੇ ਜੋ 5 ਸਾਲ ਜੋਧਪੁਰ ਜੇਲ ਦੀਆਂ ਕਾਲ ਕੋਠੜੀਆਂ ਵਿਚ ਨਜ਼ਰਬੰਦ ਰਹੇ ਨਿਰਦੋਸ਼ 325 ਸਿੱਖ ਨਜ਼ਰਬੰਦਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਿਆਂ ਉਨ੍ਹਾਂ ਦਾ ਉਹ ਵਾਅਦਾ ਯਾਦ ਕਰਵਾਇਆ ਹੈ ਜੋ ਉਨ੍ਹਾਂ ਨੇ 28 ਜੂਨ 2018 ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਸੈਸ਼ਨ ਕੋਰਟ ਅਮ੍ਰਿੰਤਸਰ ਦੇ ਫ਼ੈਸਲੇ ਅਨੁਸਾਰ 40 ਸਿੱਖ ਜੋਧਪੁਰ ਨਜ਼ਰਬੰਦਾਂ ਨੂੰ ਮੁਆਵਜ਼ੇ ਦੇ ਚੈੱਕ ਵੰਡਣ ਸਮੇਂ ਕੀਤਾ ਸੀ।
ਉਨ੍ਹਾਂ ਨੇ ਸਮੇਂ 325 ਜੋਧਪੁਰ ਸਿੱਖ ਨਜ਼ਰਬੰਦਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਵੀ ਜਲਦੀ 40 ਜੋਧਪੁਰ ਸਿੱਖ ਨਜ਼ਰਬੰਦਾਂ ਦੇ ਪੈਟਰਨ 'ਤੇ ਹੀ ਮੁਆਵਜ਼ਾ ਦੇ ਦਿਤਾ ਜਾਵੇਗਾ । ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਸਮੇਂ ਕਈ ਵਾਰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਸਾਨੂੰ ਮਿਲਣਾ ਵੀ ਮੁਨਾਸਬ ਨਹੀਂ ਸਮਝਿਆ। ਇਹ ਪ੍ਰਗਟਾਵਾ ਮਨਜੀਤ ਸਿੰਘ ਭੋਮਾ ਤੇ ਭਾਈ ਭਗਵਾਨ ਸਿੰਘ ਜੋਧਪੁਰੀ ਨੇ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਵਾਅਦੇ ਮੁਤਾਬਕ 325 ਜੋਧਪੁਰ ਸਿੱਖ ਨਜ਼ਰਬੰਦਾਂ ਨੇ 40 ਜੋਧਪੁਰ ਸਿੱਖ ਨਜ਼ਰਬੰਦਾਂ ਦੇ ਪੈਟਰਨ 'ਤੇ ਹਾਈ ਕੋਰਟ ਵਿਚ ਕੇਸ ਵੀ ਫ਼ਾਇਲ ਨਹੀਂ ਕੀਤਾ
ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ 28 ਜੂਨ ਨੂੰ ਸਾਡੇ ਨਾਲ ਪੱਕਾ ਵਾਅਦਾ ਕੀਤਾ ਸੀ ਕਿ ਰਹਿੰਦੇ 325 ਜੋਧਪੁਰ ਸਿੱਖ ਨਜ਼ਰਬੰਦਾਂ ਨੂੰ ਅਦਾਲਤਾਂ ਵਿਚ ਧੱਕੇ ਖਾਣ ਦੀ ਲੋੜ ਨਹੀਂ ਮੈਂ ਡੰਕੇ ਦੀ ਚੋਟ 'ਤੇ ਤੁਹਾਨੂੰ ਪੈਸੇ ਦਿਆਂਗਾ। ਇਸ ਮੌਕੇ ਬਾਬਾ ਬੂਟਾ ਸਿੰਘ, ਹਰਜੀਤ ਸਿੰਘ ਖੁਰਦਪੁਰ, ਗੁਰਮੇਲ ਸਿੰਘ ਜੋਧਪੁਰੀ, ਤਰਸੇਮ ਸਿੰਘ ਫ਼ਰੀਦਕੋਟ, ਆਦਿ ਮੌਜੂਦ ਸਨ।