
ਪਿਛਲੇ ਕਰੀਬ ਦੋ ਦਹਾਕਿਆਂ ਤੋਂ ਕਿਸਾਨਾਂ ਨੂੰ ਖ਼ੁਦਕਸ਼ੀਆਂ ਦੀ ਥਾਂ ਸੰਘਰਸ਼ ਕਰਨ ਦਾ ਹੋਕਾ ਦਿੰਦੇ ਆ ਰਹੇ ਕਿਸਾਨ ਆਗੂ ਮਨਜੀਤ ਸਿੰਘ ਭੁੱਚੋ ਵਲੋਂ ਬੀਤੀ....
ਬਠਿੰਡਾ : ਪਿਛਲੇ ਕਰੀਬ ਦੋ ਦਹਾਕਿਆਂ ਤੋਂ ਕਿਸਾਨਾਂ ਨੂੰ ਖ਼ੁਦਕਸ਼ੀਆਂ ਦੀ ਥਾਂ ਸੰਘਰਸ਼ ਕਰਨ ਦਾ ਹੋਕਾ ਦਿੰਦੇ ਆ ਰਹੇ ਕਿਸਾਨ ਆਗੂ ਮਨਜੀਤ ਸਿੰਘ ਭੁੱਚੋ ਵਲੋਂ ਬੀਤੀ ਰਾਤ ਜ਼ਹਿਰਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰਨ ਦੀ ਸੂਚਨਾ ਹੈ। ਮ੍ਰਿਤਕ ਮਨਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਬਲਾਕ ਨਥਾਣਾ ਦਾ ਪ੍ਰਧਾਨ ਸੀ। ਪਤਾ ਚਲਿਆ ਹੈ ਕਿ ਖ਼ੁਦਕੁਸ਼ੀ ਪਿੱਛੇ ਉਕਤ ਆਗੂ ਸਿਰ ਖੜੇ ਸੱਤ ਲੱਖ ਦੇ ਕਰਜ਼ ਦਾ ਵਿਵਾਦ ਸੀ, ਜਿਸ ਨੂੰ ਲੈ ਕੇ ਬੀਤੇ ਕਲ ਤੋਂ ਉਹ ਤਣਾਅ ਵਿਚ ਸੀ। ਅੱਜ ਬਾਅਦ ਦੁਪਿਹਰ ਮਨਜੀਤ ਸਿੰਘ ਦਾ ਉਨ੍ਹਾਂ ਦੇ ਜੱਦੀ ਪਿੰਡ ਭੁੱਚੋ ਖ਼ੁਰਦ ਵਿਖੇ ਅੰਤਮ ਸਸਕਾਰ ਕਰ ਦਿਤਾ ਗਿਆ।
ਇਸ ਮੌਕੇ ਜਿਲ੍ਹੇ ਭਰ 'ਚੋਂ ਪਹੁੰਚੇ ਕਿਸਾਨਾਂ, ਖੇਤ ਮਜ਼ਦੂਰਾਂ ਤੇ ਮੁਲਾਜ਼ਮਾਂ ਦੇ ਵੱਡੇ ਕਾਫ਼ਲੇ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਜਦਕਿ ਯੂਨੀਅਨ ਦੇ ਸੂਬਾ ਦੇ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਸਮੇਤ ਜ਼ਿਲ੍ਹਾ ਆਗੂਆਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਸਮੇਤ ਖੇਤ ਮਜਦੂਰਾਂ ਵਲੋਂ ਵੀ ਅਪਣੀ ਜਥੇਬੰਦੀ ਦਾ ਝੰਡਾ ਮ੍ਰਿਤਕ ਕਿਸਾਨ ਆਗੂ ਦੀ ਦੇਹ 'ਤੇ ਅਰਪਿਤ ਕੀਤਾ ਗਿਆ। ਮ੍ਰਿਤਕ ਅਪਣੇ ਪਿਛੇ ਪਤਨੀ ਚਰਨਜੀਤ ਕੌਰ, ਪੁੱਤਰ ਸੁਖਜੀਤ ਸਿੰਘ ਮਾਨ ਤੇ ਬੇਟੀ ਵਿਸ਼ਵਪ੍ਰੀਤ ਕੌਰ ਛੱਡ ਗਏ ਹਨ।