
ਪੰਜਾਬ ਪੁਲਿਸ ਦੇ ਨਵਨਿਯੁਕਤ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰਨ.....
ਅੰਮ੍ਰਿਤਸਰ : ਪੰਜਾਬ ਪੁਲਿਸ ਦੇ ਨਵਨਿਯੁਕਤ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰਨ ਲਈ ਬਣੀ ਵਿਸ਼ੇਸ਼ ਜਾਂਚ ਟੀਮ ਨੇ ਕਾਫ਼ੀ ਕੰਮ ਕੀਤਾ ਹੈ ਤੇ ਇਸ ਮਾਮਲੇ ਵਿਚ ਕਈ ਵੱਡੇ ਦੋਸ਼ੀਆਂ ਨੂੰ ਫੜਿਆ ਜਾ ਚੁਕਾ ਹੈ। ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਦਿਨਕਰ ਗੁਪਤਾ ਨੇ ਕਿਹਾ ਕਿ ਪੁਲਿਸ ਦੀ ਸਖ਼ਤੀ ਕਾਰਨ ਬੇਅਦਬੀ ਮਾਮਲਿਆਂ 'ਤੇ ਠੱਲ੍ਹ ਪਈ ਹੈ ਤੇ ਅਸੀ ਕੋਸ਼ਿਸ਼ ਕਰ ਰਹੇ ਹਾਂ ਕਿ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨਾ ਵਾਪਰਨ। ਇਸ ਲਈ ਹਰ ਧਾਰਮਕ ਅਸਥਾਨ ਦੇ ਪ੍ਰਬੰਧਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਧਰਮ
ਅਸਥਾਨਾਂ 'ਤੇ ਸੀ ਸੀ ਟੀ ਵੀ ਕੈਮਰੇ ਲਗਾਏ ਜਾਣ। ਅੰਮ੍ਰਿਤਸਰ ਵਿਚ ਟ੍ਰੈਫ਼ਿਕ ਅਤੇ ਦੇਸ਼ ਵਿਦੇਸ਼ ਤੋਂ ਆਏ ਸੈਲਾਨੀਆਂ ਨਾਲ ਵਾਪਰ ਰਹੀਆਂ ਮੰਦਭਾਗੀਆਂ ਘਟਨਾਵਾਂ ਬਾਰੇ ਬੋਲਦਿਆਂ ਡੀਜੀਪੀ ਗੁਪਤਾ ਨੇ ਕਿਹਾ ਕਿ ਇਸ ਪਾਸੇ ਵਿਸ਼ੇਸ਼ ਧਿਆਨ ਦਿਤਾ ਜਾਵੇਗਾ। ਟ੍ਰੈਫ਼ਿਕ ਮਸਲੇ ਨੂੰ ਹੱਲ ਕਰਨ ਲਈ ਸ਼੍ਰੋਮਣੀ ਕਮੇਟੀ ਨਾਲ ਵਿਚਾਰ ਵਟਾਂਦਰਾ ਕਰ ਕੇ ਪਲਾਨਿੰਗ ਕੀਤੀ ਜਾਵੇਗੀ ਤਾਕਿ ਸ਼ਹਿਰ ਦੀ ਟ੍ਰੈਫ਼ਿਕ ਸੁਚਾਰੂ ਢੰਗ ਨਾਲ ਚਲਦੀ ਰਹੇ। ਦੇਸ਼ ਵਿਦੇਸ਼ ਤੋਂ ਆਏ ਸੈਲਾਨੀਆਂ ਦੀ ਸੁਰੱਖਿਆ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਇਸ ਲਈ ਪੁਲਿਸ ਦਾ ਇਕ ਵਖਰਾ ਵਿੰਗ ਟੂਰਿਸਟ ਪੁਲਿਸ ਦਾ ਵੀ ਗਠਨ ਕੀਤਾ ਜਾ ਚੁਕਾ ਹੈ।
ਇਸ ਦੇ ਬਾਵਜੂਦ ਹੋਰ ਕਦਮ ਵੀ ਚੁਕੇ ਜਾਣਗੇ। ਅਗਾਮੀ ਲੋਕ ਸਭਾ ਚੋਣਾਂ ਬਾਰੇ ਬੋਲਦਿਆਂ ਦਿਨਕਰ ਗੁਪਤਾ ਨੇ ਕਿਹਾ ਕਿ ਪੰਜਾਬ ਪੁਲਿਸ ਪੰਜਾਬ ਵਿਚ ਸ਼ਾਂਤਮਈ ਢੰਗ ਨਾਲ ਚੋਣਾਂ ਕਰਵਾਉਣ ਲਈ ਤਿਆਰ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੇ ਦਿਨਕਰ ਗੁਪਤਾ ਨੂੰ ਪੰਜਾਬ ਪੁਲਿਸ ਦਾ ਡੀ ਜੀ ਪੀ ਬਣ ਕੇ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਆਉਣ 'ਤੇ ਜੀ ਆਇਆਂ ਨੂੰ ਕਿਹਾ। ਉਨ੍ਹਾਂ ਸ੍ਰੀ ਗੁਪਤਾ ਨੂੰ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਤੇ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਸਾਬਕਾ ਸਕੱਤਰ ਦਿਲਮੇਘ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਜਸਵਿੰਦਰ ਿਸੰਘ ਦੀਨਪੁਰ, ਸੂਚਨਾ ਅਧਿਕਾਰੀ ਜੋਵਿੰਦਰ ਸਿੰਘ ਜੱਸੀ, ਅੰਮ੍ਰਿਤਪਾਲ ਸਿੰਘ, ਜਤਿੰਦਰਪਾਲ ਸਿੰਘ ਅਤੇ ਏ ਡੀ ਸੀ ਪੀ –2 ਸ. ਜਗਜੀਤ ਸਿੰਘ ਵਾਲੀਆ ਵੀ ਹਾਜ਼ਰ ਸਨ।