
ਕਿਸਾਨ ਟਰੈਕਟਰ ਰੈਲੀ ਵਿਚ ਲਾਪਤਾ ਹੋਏ ਕਿਸਾਨਾਂ ਦਾ ਮਾਮਲਾ
ਅਸੀਂ ਲਾਪਤਾ ਹੋਏ ਕਿਸਾਨਾਂ ਦੀ ਭਾਲ ਲਈ ਅਦਾਲਤ ਵਿਚ ਲੜਾਈ ਲੜ ਰਹੇ ਹਾਂ : ਢੀਂਡਸਾ, ਜੀ.ਕੇ.
ਨਵੀਂ ਦਿੱਲੀ, 9 ਫ਼ਰਵਰੀ (ਅਮਨਦੀਪ ਸਿੰਘ): ਕਿਸਾਨਾਂ ਵਲੋਂ 26 ਜਨਵਰੀ ਨੂੰ ਕੱਢੀ ਗਈ ਟਰੈਕਟਰ ਪਰੇਡ ਪਿਛੋਂ ਗ਼ਾਇਬ ਹੋਏ ਕਿਸਾਨਾਂ ਨੂੰ ਲੈ ਕੇ 'ਜਾਗੋ' ਪਾਰਟੀ ਵਲੋਂ ਦਿੱਲੀ ਹਾਈ ਕੋਰਟ ਵਿਚ ਦਾਖ਼ਲ ਕੀਤੀ ਗਈ ਪਟੀਸ਼ਨ 'ਤੇ ਸੁਣਵਾਈ ਪਿਛੋਂ ਅਦਾਲਤ ਵਲੋਂ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ |
ਇਥੇ ਪੱਤਰਕਾਰ ਮਿਲਣੀ ਦੌਰਾਨ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਵਕੀਲਾਂ ਦੀ ਟੀਮ ਦੇ ਮੁਖੀ ਵਕੀਲ ਨਗਿੰਦਰ ਬੈਨੀਪਾਲ ਨੇ ਸਾਂਝੇ ਤੌਰ 'ਤੇ ਦਸਿਆ ਕਿ ਦਿੱਲੀ ਹਾਈ ਕੋਰਟ ਨੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰ ਕੇ ਹਰਿਆਣਾ ਦੇ ਜੀਂਦ ਵਿਚਲੇ ਪਿੰਡ ਕੰਡੇਲਾ ਦੇ ਵਸਨੀਕ ਬਰਜਿੰਦਰ ਸਿੰਘ ਦੇ ਲਾਪਤਾ ਹੋਣ ਬਾਰੇ ਸਪਸ਼ਟੀਕਰਨ ਮੰਗਿਆ ਗਿਆ ਹੈ | ਸ.ਢੀਂਡਸਾ ਨੇ ਦਸਿਆ ਕਿ ਲਾਪਤਾ ਹੋਏ ਕਿਸਾਨਾਂ ਦੀ ਭਾਲ ਕਰਨਾ ਉਨ੍ਹਾਂ ਦਾ ਟੀਚਾ ਹੈ | ਗ਼ਲਤ ਰੀਪੋਰਟਿੰਗ ਕਰ ਕੇ, ਭਾਈਚਾਰਕ ਸਾਂਝ ਵਿਚ ਤਰੇੜਾਂ ਪੈਦਾ ਕਰਨ ਵਾਲੇ ਚੈਨਲ ਵਿਰੁਧ ਵੀ ਅਦਾਲਤ ਵਿਚ ਪਹੁੰਚ ਕੀਤੀ ਜਾ ਚੁਕੀ ਹੈ | ਸ.ਜੀ ਕੇ ਨੇ ਦਸਿਆ,Tਜਦੋਂ ਅਸੀਂ ਲਾਪਤਾ ਹੋਣ ਵਾਲਿਆਂ ਬਾਰੇ ਹਾਈ ਕੋਰਟ ਵਿਚ ਪਹਿਲੀ ਪਟੀਸ਼ਨ ਦਾਖ਼ਲ ਕੀਤੀ, ਉਸ ਪਿਛੋਂ ਪੁਲਿਸ ਨੂੰ 120 ਜਣਿਆਂ ਦੀ ਲਿਸਟ ਜਾਰੀ ਕਰਨੀ ਪੈ ਗਈ | ਹੁਣ ਵੀ ਪੁਲਿਸ ਨੂੰ ਅਦਾਲਤ
ਵਿਚ ਸਪਸ਼ਟੀਕਰਨ ਦੇਣਾ ਪਵੇਗਾ | ਅਸੀਂ ਮਨੁੱਖੀ ਅਧਿਕਾਰਾਂ ਦੀ ਲੜਾਈ ਲੜ ਰਹੇ ਹਾਂ | ਜਿਨ੍ਹਾਂ ਦੇ ਜੀਅ ਲਾਪਤਾ ਹਨ, ਉਹ ਸਾਡੇ ਨਾਲ ਗੱਲਬਾਤ ਕਰਨ | ਸ.ਢੀਂਡਸਾ ਨਾਲ ਮਿਲ ਕੇ ਸਾਡੇ ਵਕੀਲਾਂ ਦੀ ਟੀਮ ਅਦਾਲਤੀ ਲੜਾਈ ਲੜ ਰਹੀ ਹੈ ਜਿਸ ਦੇ ਨਤੀਜੇ ਵੀ ਸਾਹਮਣੇ ਆ ਰਹੇ ਹਨ |''
ਵਕੀਲ ਨਗਿੰਦਰ ਬੈਨੀਪਾਲ ਨੇ ਦਸਿਆ ਕਿ ਬਰਜਿੰਦਰ ਸਿੰਘ 24 ਜਨਵਰੀ ਨੂੰ ਰੈਲੀ ਵਿਚ ਸ਼ਾਮਲ ਹੋਣ ਆਇਆ ਸੀ | ਨਾਂਗਲੋਈ ਵਿਚ ਲਾਠੀਚਾਰਜ ਹੋਇਆ, ਉਸ ਮਗਰੋਂ ਉਹ ਲਾਪਤਾ ਹੈ | ਉਸ ਦੇ ਭਰਾ ਨੇ ਨਾਂਗਲੋਈ ਥਾਣੇ ਵਿਚ ਉਸ ਦੀ ਗੁਮਸ਼ੁਦਗੀ ਦੀ ਰੀਪੋਰਟ ਵੀ ਦਿਤੀ, ਪਰ ਪੁਲਿਸ ਨੇ ਰੀਪੋਰਟ ਲਿਖਣ ਤੋਂ ਨਾਂਹ ਕਰ ਦਿਤੀ | ਹੁਣ ਉਸ ਬਾਰੇ ਹਾਈ ਕੋਰਟ ਨੇ ਦਿੱਲੀ ਪੁਲਿਸ ਤੋਂ ਜਵਾਬ-ਤਲਬੀ ਕੀਤੀ ਹੈ |
imageਲਾਪਤਾ ਹੋਏ ਕਿਸਾਨਾਂ ਬਾਰੇ ਗੱਲਬਾਤ ਮੌਕੇ ਸੁਖਦੇਵ ਸਿੰਘ ਢੀਂਡਸਾ, ਮਨਜੀਤ ਸਿੰਘ ਜੀ ਕੇ ਤੇ ਵਕੀਲ ਨਗਿੰਦਰ ਬੈਨੀਪਾਲ |