
ਪ੍ਰਾਈਵੇਟ ਬਿਲ ਰਾਹੀਂ ਲੋਕ ਸਭਾ 'ਚ ਖੇਤੀ ਕਾਨੂੰਨਾਂ ਦਾ ਕਰਾਂਗੇ ਵਿਰੋਧ : ਪ੍ਰਨੀਤ ਕੌਰ
ਨਵੀਂ ਦਿੱਲੀ/ਪਟਿਆਲਾ, 9 ਫ਼ਰਵਰੀ (ਸੁਖਰਾਜ ਸਿੰਘ, ਜਸਪਾਲ ਸਿੰਘ ਢਿੱਲੋਂ): ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਕਿਹਾ ਕਿ ਤਿੰਨ ਕਾਲੇ ਖੇਤੀਬਾੜੀ ਕਾਨੂੰਨ ਮਨਸੂਖ ਕਰਵਾਉਣ ਲਈ ਲੋਕ ਸਭਾ 'ਚ ਪ੍ਰਾਈਵੇਟ ਮੈਂਬਰਜ਼ ਬਿਲ ਲਿਆਂਦਾ ਜਾਵੇਗਾ | ਉਹ ਅੱਜ ਪੰਜਾਬ ਭਵਨ ਦਿੱਲੀ ਵਿਖੇ ਪੰਜਾਬ ਤੋਂ ਕਾਂਗਰਸ ਪਾਰਟੀ ਦੇ ਬਾਕੀ ਸੰਸਦ ਮੈਂਬਰਾਂ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ |
ਪੰਜਾਬ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰਾਂ ਵਲੋਂ ਕੇਂਦਰ ਸਰਕਾਰ ਦੇ ਕਿਸਾਨਾਂ ਤੇ ਆਮ ਲੋਕਾਂ ਲਈ ਲਈ ਮਾਰੂ ਕਾਨੂੰਨਾਂ ਵਿਰੁਧ ਨਿਜੀ ਤੇ ਸਾਂਝੇ ਤੌਰ 'ਤੇ ਇਕ ਬਿਲ ਲਿਆਂਦੇ ਜਾਣ ਦੀ ਤਜਵੀਜ ਹੈ | ਪ੍ਰਨੀਤ ਕੌਰ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਪੰਜਾਬ ਤੋਂ ਸੰਸਦ ਮੈਂਬਰ ਲੋਕ ਸਭਾ ਦੇ ਸਪੀਕਰ ਨੂੰ ਵੀ ਮਿਲ ਕੇ ਇਸ ਸਬੰਧੀ ਬੇਨਤੀ ਕਰਨਗੇ ਕਿ ਉਨ੍ਹਾਂ ਨੂੰ ਇਸ ਇਹ ਬਿਲ 'ਰਿਪਲੀਿਲੰਗ ਐਂਡ ਅਮੈਂਡਿੰਗ ਐਕਟ 2021' ਲਿਆਉਣ ਅਤੇ ਇਸ ਉਪਰ ਚਰਚਾ ਕਰਨ ਦੀ ਪਹਿਲ ਦੇ ਆਧਾਰ 'ਤੇ ਆਗਿਆ ਦਿਤੀ ਜਾਵੇ |
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿਧਾਨ ਸਭਾ ਨੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਲਈ ਐਕਟ ਪਾਸ ਕੀਤਾ ਹੈ, ਉਨ੍ਹਾਂ ਨੂੰ ਉਮੀਦ ਹੈ ਕਿ ਇਸ ਬਿਲ ਨੂੰ ਸਹਿਯੋਗ ਮਿਲੇਗਾ ਅਤੇ ਇਹ ਸੰਸਦ 'ਚ ਪਾਸ ਹੋ ਜਾਵੇਗਾ | ਪਟਿਆਲਾ ਤੋਂ ਸੰਸਦ ਮੈਂਬਰ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਸੰਵਿਧਾਨਿਕ ਕਦਰਾਂ ਕੀਮਤਾਂ ਤੇ ਮਾਨਤਾਵਾਂ ਨੂੰ ਖ਼ਤਮ ਕਰਨ ਲਈ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਸਾਡਾ ਸੰਵਿਧਾਨ ਆਪਣੇ ਲੋਕਾਂ ਦੇ ਅਧਿਕਾਰਾਂ ਦੀ ਰਖਿਆ ਕਰਨ ਲਈ ਬਣਾਇਆ ਗਿਆ ਸੀ image|
ਉਨ੍ਹਾਂ ਕਿਹਾ ਕਿ ਉਹ ਇਹ ਬਿਲ ਇਸ ਲਈ ਲੈ ਕੇ ਆ ਰਹੇ ਹਨ ਤਾਂ ਕਿ ਸਾਡੇ ਸੰਵਿਧਾਨ ਨੂੰ ਕੁਚਲਿਆ ਨਹੀਂ ਜਾ ਸਕੇ ਅਤੇ ਅੰਦੋਲਨ ਕਰ ਰਹੇ ਸਾਡੇ ਕਿਸਾਨਾਂ ਨੂੰ ਅਪਣੀ ਹਮਾਇਤ ਦਿਤੀ ਜਾ ਸਕੇ, ਜਿਹੜੇ ਕਿ ਅਪਣੇ ਹੀ ਚੁਣੀ ਹੋਈ ਸਰਕਾਰ ਤੋਂ ਅਪਣੇ ਹੱਕ ਲੈਣ ਲਈ ਅਪਣੀ ਅਵਾਜ਼ ਬੁਲੰਦ ਕਰਨ ਲਈ ਸੜਕਾਂ 'ਤੇ ਉਤਰਨ ਲਈ ਮਜ਼ਬੂਰ ਹੋਏ ਹਨ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਅਪਣੀ ਹਮਾਇਤ ਦੇਣ ਅਤੇ ਉਨ੍ਹਾਂ ਦੇ ਹੱਕ 'ਚ ਅਪਣੀ ਅਵਾਜ਼ ਉਠਾਉਣ ਲਈ ਸਾਡੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੇ ਵੀ ਦਿੱਲੀ ਵਿਖੇ ਕਰੀਬ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਧਰਨਾ ਲਗਾਇਆ ਹੋਇਆ ਹੈ ਪਰ ਕੇਂਦਰ ਸਰਕਾਰ, ਕਿਸਾਨਾਂ ਨੂੰ ਅਣਦੇਖਿਆ ਕਰਨ ਦੀ ਤਰਜ 'ਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਪ੍ਰਤੀ ਵੀ ਅੰਨ੍ਹੀਂ ਤੇ ਬੋਲੀ ਬਣੀ ਹੋਈ ਹੈ | ਉਨ੍ਹਾਂ ਕਿਹਾ ਕਿ ਉਹ ਅਪਣੇ ਕਿਸਾਨਾਂ ਅਤੇ ਅਗਲੀਆਂ ਪੀੜ੍ਹੀਆਂ ਦਾ ਭਵਿੱਖ ਬਚਾਉਣ ਲਈ ਇਹ ਨਿਜੀ ਮੈਂਬਰਜ਼ ਬਿਲ ਲਿਆ ਰਹੇ ਹਨ |
ਫੋਟੋ ਨੰ : 9 ਪੀਏਟੀ 13