
ਅਨੰਦਪੁਰ ਸਾਹਿਬ ਦੇ ਮਤੇ ਨੂੰ ਜੇਕਰ ਮਨਵਾ ਲਿਆ ਜਾਂਦਾ ਤਾਂ ਸਰਕਾਰ ਕੋਈ ਕਾਨੂੰਨ ਨਹੀਂ ਸੀ ਲਿਆ ਸਕਦੀ : ਤਲਵੰਡੀ
ਰਾਏਕੋਟ, 9 ਫ਼ਰਵਰੀ (ਜਸਵੰਤ ਸਿੰਘ ਸਿੱਧੂ) : ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ ਤਹਿਤ 11 ਫ਼ਰਵਰੀ ਨੂੰ ਦਾਣਾ ਮੰਡੀ ਜਗਰਾਉਂ ਵਿਖੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਅਪਣੀਆਂ ਹੱਕੀ ਮੰਗਾਂ ਸਬੰਧੀ ਕੀਤੀ ਜਾ ਰਹੀ ਰੈਲੀ ’ਚ ਕਿਸਾਨ-ਮਜ਼ਦੂਰ ਵੱਡੀ ਗਿਣਤੀ ਵਿਚ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸ਼ਾਮਲ ਹੋਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਥੇਦਾਰ ਰਣਜੀਤ ਸਿੰਘ ਤਲਵੰਡੀ ਨੇ ਜਾਰੀ ਕੀਤੇ ਪ੍ਰੈਸ ਨੋਟ ’ਚ ਕੀਤਾ
ਉਨ੍ਹਾਂ ਕਿਹਾ ਕਿ ਕੇਂਦਰ ਦੀ ਗੂੰਗੀ ਬੋਲੀ ਸਰਕਾਰ ਤਕ ਕਿਸਾਨਾਂ ਦੀ ਅਵਾਜ਼ ਨੂੰ ਪਹੁੰਚਾਉਣ ਲਈ ਜਗਰਾਉਂ ਦੀ ਇਸ ਕਿਸਾਨ ਰੈਲੀ ਵਿਚ ਹਰ ਇਕ ਇਨਸਾਨ ਨੂੰ ਪਹੁੰਚਣਾ ਚਾਹੀਦਾ ਹੈ। ਜਥੇਦਾਰ ਤਲਵੰਡੀ ਨੇ ਕਿਹਾ ਕਿ ਲੋਹਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਵਲੋਂ ਲਿਆਂਦੇ ਗਏ ਆਨੰਦਪੁਰ ਸਾਹਿਬ ਦੇ ਮਤੇ ਨੂੰ ਜੇਕਰ ਮਨਵਾ ਲਿਆ ਜਾਂਦਾ ਤਾਂ ਕੇਂਦਰ ਸਰਕਾਰ ਕਿਸੇ ਕੀਮਤ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਵਾਲਾ ਕੋਈ ਕਾਨੂੰਨ ਨਹੀਂ ਸੀ ਲਿਆ ਸਕਦੀ। ਉਨ੍ਹਾਂ ਕਿਹਾ ਕਿ ਨਾ ਤਾਂ ਧਰਮਯੁੱਧ ਮੋਰਚਾ ਲਗਾਉਣਾ ਪੈਂਦਾ ਅਤੇ ਨਾ ਹੀ ਅਪ੍ਰੇਸ਼ਨ ਬਲਿਊ ਸਟਾਰ ਦੀ ਨੌਬਤ ਆਉਂਦੀ ਅਤੇ ਨਾ ਹੀ 10 ਸਾਲ ਸੰਤਾਪ ਹੰਢਾ ਕੇ ਹਜ਼ਾਰਾਂ ਨੌਜਵਾਨਾਂ ਦੀਆਂ ਜਾਨਾਂ ਜਾਂਦੀਆਂ। ਜਥੇਦਾਰ ਤਲਵੰਡੀ ਨੇ ਕਿਹਾ ਕਿ ਉਸ ਸਮੇਂ ਦੇ ਕਿਸੇ ਵੀ ਅਕਾਲੀ ਲੀਡਰ ਨੇ ਜੇਕਰ ਜਥੇਦਾਰ ਜਗਦੇਵ ਸਿੰਘ ਤਲਵੰਡੀ ਦਾ ਸਾਥ ਦਿਤਾ ਹੁੰਦਾ ਤਾਂ ਅੱਜ ਇਹ ਸਮਾਂ ਨਾ ਦੇਖਣਾ ਪੈਂਦਾ। ਉਨ੍ਹਾਂ ਇਸ ਮੌਕੇ ਕਿਸਾਨਾਂ, ਮਜ਼ਦੂਰਾਂ ਅਤੇ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਕਿਸਾਨ ਰੈਲੀ ’ਚ ਵੱਡੀ ਗਿਣਤੀ ਵਿਚ ਪਹੁੰਚੀਏ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਪਹੁੰਚ ਰਹੇ ਆਗੂਆਂ ਦੇ ਵਿਚਾਰ ਸੁਣੀਏ।