
ਪੰਜਾਬ ਕਾਂਗਰਸ ਨੇ ਲੋਕ ਸਭਾ ਵਿਚ ਦਿਤਾ ਖੇਤੀ ਕਾਨੂੰਨਾਂ ਨੂੰ ਵਾਪਸ ਕਰਨ ਸਬੰਧੀ ਗ਼ੈਰ ਸਰਕਾਰੀ ਬਿਲ
ਨਵੀਂ ਦਿੱਲੀ, 9 ਫ਼ਰਵਰੀ : ਕਿਸਾਨ ਅੰਦੋਲਨ ਦੇ ਸਮਰਥਨ 'ਚ ਅੱਜ ਕਾਂਗਰਸ ਨੇ ਸੰਸਦ 'ਚ ਇਕ ਹੋਰ ਵੱਡਾ ਕਦਮ ਚੁਕਿਆ | ਪੰਜਾਬ 'ਚ ਕਾਂਗਰਸ ਦੇ 8 ਸੰਸਦ ਮੈਂਬਰਾਂ ਨੇ ਅੱਜ ਲੋਕ ਸਭਾ 'ਚ ਤਿੰਨ ਖੇਤੀ ਕਾਨੂੰਨਾਂ ਨੂੰ ਖ਼ਾਰਜ਼ ਕਰਨ ਸਬੰਧੀ ਗ਼ੈਰ ਸਰਕਾਰੀ ਬਿਲ ਦਿਤਾ | ਇਸ ਗੱਲ ਦਾ ਐਲਾਨ ਪੰਜਾਬ ਕਾਂਗਰਸ ਸਾਂਸਦਾਂ ਦੀ ਸਾਂਝੀ ਪ੍ਰੈੱਸ ਕਾਨਫ਼ਰੰਸ 'ਚ ਪਾਰਟੀ ਸਾਂਸਦ ਮਨੀਸ਼ ਤਿਵਾੜੀ ਨੇ ਕੀਤਾ |
ਮਨੀਸ਼ ਤਿਵਾੜੀ ਨੇ ਕਿਹਾ ਕਿ ਕਿਸਾਨਾਂ ਦੇ ਸਮਰਥਨ ਵਿਚ ਪੰਜਾਬ ਦੇ ਸਾਰੇ ਅੱਠ ਕਾਂਗਰਸੀ ਸੰਸਦ ਮੈਂਬਰਾਂ ਨੇ ਵੀ ਅਪਣੇ-ਅਪਣੇ ਬਿਲਾਂ ਨੂੰ ਵਖਰੇ ਤੌਰ 'ਤੇ ਦੇ ਦਿਤਾ ਹੈ ਅਤੇ ਸਾਂਝੇ ਤੌਰ 'ਤੇ ਇਹ ਬਿਲ ਲੋਕ ਸਭਾ ਸਕੱਤਰੇਤ ਨੂੰ ਸੌਂਪਿਆ ਗਿਆ ਹੈ | ਮਨੀਸ਼ ਤਿਵਾੜੀ ਨੇ ਕਿਹਾ ਕਿ ਉਹ ਸ੍ਰੋਮਣੀ ਅਕਾਲੀ ਦਲ ਸਣੇ ਸਾਰੀਆਂ ਰਾਜਨੀਤਕ ਪਾਰਟੀਆਂ ਅਤੇ ਨੇਤਾਵਾਂ ਨੂੰ ਵੀ ਇਨ੍ਹਾਂ ਬਿਲਾਂ ਦਾ ਸਮਰਥਨ ਕਰਨ ਲਈ ਬੇਨਤੀ ਕਰਨਗੇ |
ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਕਿਹਾ ਕਿ ਉਹ ਰਾਜ ਸਭਾ ਵਿਚ ਅਪਣੇ ਸਾਥੀਆਂ ਨੂੰ ਵੀ ਅਜਿਹਾ ਕਰਨ ਦੀ ਅਪੀਲ ਕਰਨਗੇ | ਇਸ ਨਾਲ ਹੀ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਮੰਗ ਕੀਤੀ ਕਿ 203 ਲੋਕ ਸਭਾ ਅਤੇ ਰਾਜ ਸਭਾ ਦੇ 44 ਸੰਸਦ ਮੈਂਬਰ, ਜਿਨ੍ਹਾਂ ਨੇ ਖੁਦ ਖੇਤੀ ਕਰਨੀ ਸੁਰੂ ਕੀਤੀ ਹੈ ਜਾਂ ਅਪਣੇ ਆਪ ਨੂੰ ਕਿਸਾਨ ਅਖਵਾਉਂਦੇ ਹਨ, ਨੂੰ ਵੀ ਇਨ੍ਹਾਂ ਨਿੱਜੀ ਮੈਂਬਰ ਬਿੱਲਾਂ ਦਾ ਸਮਰਥਨ ਕਰਨਾ ਚਾਹੀਦਾ ਹੈ | ਮਨੀਸ਼ ਤਿਵਾੜੀ, ਪ੍ਰਨੀਤ ਕੌਰ ਅਤੇ ਰਵਨੀਤ ਸਿੰਘ ਬਿੱਟੂ ਸਾਂਝੀ ਪ੍ਰੈਸ ਕਾਨਫਰੰਸ ਵਿਚ ਹਾਜ਼ਰ ਸੱਤ ਮੈਂਬਰਾਂ ਵਿਚੋਂ ਸਨ | (ਪੀਟੀਆਈ)
image
ਮੀਟਿੰਗ ਦੌਰਾਨ ਗੱਲਬਾਤ ਕਰਦੇ ਹੋਏ ਮਨੀਸ਼ ਤਿਵਾੜੀ, ਪ੍ਰਨੀਤ ਕੌਰ, ਰਵਨੀਤ ਸਿੰਘ ਬਿੱਟੂ ਅਤੇ ਹੋਰ ਕਾਂਗਰਸੀ ਆਗੂ |